
ਮੈਨੂੰ ਅਤੇ ਮੇਰੇ ਪਰਵਾਰ ਨੂੰ ਨਜ਼ਰਬੰਦ ਕੀਤਾ ਹੋਇਆ ਹੈ : ਉਮਰ ਅਬਦੁੱਲਾ
ਸ੍ਰੀਨਗਰ, 14 ਫ਼ਰਵਰੀ : ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਅਤੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਸਣੇ ਪਰਵਾਰਕ ਮੈਂਬਰਾਂ ਨੂੰ ਅਧਿਕਾਰੀਆਂ ਨੇ ਨਜ਼ਰਬੰਦ ਕੀਤਾ ਹੋਇਆ ਹੈ।
ਹਾਲਾਂਕਿ, ਪੁਲਿਸ ਨੇ ਕਿਹਾ ਕਿ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਦੇ ਸਬੰਧ ਵਿਚ ਮਿਲੀ ਖ਼ੁਫ਼ੀਆ ਜਾਣਕਾਰੀ ਦੇ ਮੱਦੇਨਜ਼ਰ ਸੁਰੱਖਿਆ ਘੇਰੇ ਵਿਚ ਆਉਣ ਵਾਲੇ ਲੋਕਾਂ ਦੀ ਘਰੋਂ ਬਾਹਰ ਆਵਾਜਾਈ ਨੂੰ ਐਤਵਾਰ ਨੂੰ ਰੋਕਿਆ ਗਿਆ ਹੈ।
ਉਮਰ ਨੇ ਟਵੀਟ ਕੀਤਾ, ‘‘ਅਗੱਸਤ 2019 ਤੋਂ ਬਾਅਦ ਇਹ ਨਵਾਂ ਜੰਮੂ ਕਸ਼ਮੀਰ ਹੈ। ਸਾਨੂੰ ਬਿਨਾਂ ਕਾਰਨ ਦੱਸੇ ਅਪਣੇ ਘਰਾਂ ਵਿਚ ਬੰਦ ਕਰ ਦਿਤਾ ਗਿਆ ਹੈ। ਸੱਭ ਤੋਂ ਮਾੜੀ ਗੱਲ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਅਤੇ ਮੇਰੇ ਪਿਤਾ (ਮੌਜੂਦਾ ਸੰਸਦ ਮੈਂਬਰ) ਨੂੰ ਸਾਡੇ ਘਰ ਵਿਚ ਬੰਦ ਕਰ ਦਿਤਾ ਹੈ, ਉਨ੍ਹਾਂ ਨੇ ਮੇਰੀ ਭੈਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਘਰ ਵਿਚ ਬੰਦ ਕਰ ਦਿਤਾ ਹੈ।”
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਥੇ ਉਨ੍ਹਾਂ ਨੇ ਸ਼ਹਿਰ ਦੇ ਗੁਪਕਰ ਇਲਾਕੇ ਵਿਚ ਅਪਣੀ ਰਿਹਾਇਸ਼ ਦੇ ਮੁੱਖ ਗੇਟ ਬਾਹਰ ਖੜੇ ਪੁਲਿਸ ਵਾਹਨਾਂ ਨੂੰ ਦਿਖਾਇਆ ਹੈ।
ਉਮਰ ਨੇ ਦੋਸ਼ ਲਾਇਆ ਕਿ ਉਸ ਦੇ ਘਰ ਕੰਮ ਕਰ ਰਹੇ ਲੋਕਾਂ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਸੀ।
ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ, ‘‘ਆਉ, ਲੋਕਤੰਤਰ ਦੇ ਤੁਹਾਡੇ ਨਵੇਂ ਮਾਡਲ ਦਾ ਮਤਲਬ ਹੈ ਕਿ ਸਾਨੂੰ ਬਿਨਾਂ ਕਾਰਨ ਦੱਸੇ ਅਪਣੇ ਘਰਾਂ ਵਿਚ ਬੰਦ ਰਖਿਆ ਜਾਵੇ ਅਤੇ ਸਾਡੇ ਘਰ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਾ ਦਿਤੀ ਜਾਵੇ।
ਇਸ ਤੋਂ ਬਾਅਦ ਵੀ, ਤੁਸੀਂ ਹੈਰਾਨ ਹੋਵੋਗੇ ਕਿ ਮੈਨੂੰ ਅਜੇ ਵੀ ਗੁੱਸਾ ਅਤੇ ਕੁੜੱਤਣ ਹੈ।”
ਉਮਰ ਦੇ ਟਵੀਟ ’ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ, ਪੁਲਿਸ ਨੇ ਕਿਹਾ ਕਿ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਨੂੰ ਲੈ ਕੇ ਖ਼ੁਫ਼ੀਆ ਜਾਣਕਾਰੀ ਕਾਰਨ, ਵੀਆਈਪੀਜ਼ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅੱਜ ਯਾਤਰਾ ਸਬੰਧੀ ਕੋਈ ਯੋਜਨਾਬੰਦੀ ਨਾ ਕਰਨ। (ਪੀਟੀਆਈ)