
ਅਕਾਲੀ ਤੇ ਕਾਂਗਰਸੀ ਆਪਸ ਵਿਚ ਰਲੇ ਹੋਏ ਹਨ, ਇਨ੍ਹਾਂ ਤੋਂ ਸਾਵਧਾਨ ਰਹੋ : ਭਗਵੰਤ ਮਾਨ
ਭਗਵੰਤ ਮਾਨ ਨੇ ਨਕੋਦਰ, ਸ਼ਾਹਕੋਟ ਤੇ ਕਰਤਾਰਪੁਰ 'ਚ ਕੀਤਾ ਚੋਣ ਪ੍ਰਚਾਰ
ਕਰਤਾਰਪੁਰ/ਜਲੰਧਰ, 14 ਫ਼ਰਵਰੀ (ਨਿਰਮਲ ਸਿੰਘ, ਸਮਰਦੀਪ ਸਿੰਘ, ਭੁਪਿੰਦਰ ਸਿੰਘ ਮਾਹੀ): ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ | ਭਗਵੰਤ ਮਾਨ ਇਕ ਦਿਨ 'ਚ ਪੰਜ-ਛੇ ਹਲਕਿਆਂ ਨੂੰ ਕਵਰ ਕਰ ਰਹੇ ਹਨ ਅਤੇ ਲੋਕਾਂ 'ਚ ਆਮ ਆਦਮੀ ਪਾਰਟੀ ਦੀ ਲੋਕਪਿ੍ਅਤਾ ਵਧਾ ਰਹੇ ਹਨ |
ਅੱਜ ਭਗਵੰਤ ਮਾਨ ਨੇ ਨਕੋਦਰ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਇੰਦਰਜੀਤ ਕੌਰ ਮਾਨ, ਸ਼ਾਹਕੋਟ ਤੋਂ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਅਤੇ ਕਰਤਾਰਪੁਰ ਤੋਂ ਡੀ.ਸੀ.ਪੀ ਬਲਕਾਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ | ਭਗਵੰਤ ਮਾਨ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਦਾ ਮਾਹੌਲ ਸੀ | ਭਗਵੰਤ ਮਾਨ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਸਨ ਅਤੇ ਥਾਂ-ਥਾਂ ਤੋਂ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ | ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਬੱਚਿਆਂ ਅਤੇ ਪੰਜਾਬ ਦੇ ਭਵਿੱਖ ਦਾ ਫ਼ੈਸਲਾ 20 ਫ਼ਰਵਰੀ ਨੂੰ ਹੋਣਾ ਹੈ | ਸੋ ਇਸ ਵਾਰ ਪੰਜਾਬ ਅਤੇ ਅਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਵੋਟ ਪਾਉ, ਬਿਨਾਂ ਕਿਸੇ ਦੇ ਭੁਲੇਖੇ 'ਚ | ਮਾਨ ਨੇ ਅਕਾਲੀ-ਕਾਂਗਰਸ 'ਤੇ ਮਿਲੀ ਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਅਕਾਲੀ-ਕਾਂਗਰਸੀ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ | ਆਮ ਆਦਮੀ ਗ਼ਰੀਬ ਹੁੰਦਾ ਜਾ ਰਿਹਾ ਹੈ ਪਰ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਦਾ ਖ਼ਜ਼ਾਨਾ ਦਿਨੋ-ਦਿਨ ਭਰਦਾ ਜਾ ਰਿਹਾ ਹੈ | ਦੋਹਾਂ ਪਾਰਟੀਆਂ ਨੇ ਮਿਲ ਕੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਅਤੇ ਆਪਸੀ ਸਮਝੌਤਾ ਕਰ ਕੇ ਸੱਤਾ 'ਚ ਆਈਆਂ | ਪਿਛਲੀਆਂ ਚੋਣਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਦੋਵੇਂ ਪਾਰਟੀਆਂ ਇਕਜੁਟ ਹੋਈਆਂ ਸਨ | ਹੁਣ ਦੋਵੇਂ ਫਿਰ ਤੋਂ ਇਕੱਠੇ ਹੋ ਗਏ ਹਨ | ਸਾਨੂੰ ਉਨ੍ਹਾਂ ਦੀਆਂ ਸਾਜ਼ਸਾਂ ਨੂੰ ਸਮਝਣਾ ਹੋਵੇਗਾ ਅਤੇ ਸਾਵਧਾਨ ਰਹਿਣਾ ਹੋਵੇਗਾ | ਇਸ ਵਾਰ ਝਾੜੂ ਦਾ ਬਟਨ ਦਬਾ ਕੇ ਅਕਾਲੀ-ਕਾਂਗਰਸ ਦਾ ਸਫਾਇਆ ਕਰਨਾ ਪਵੇਗਾ ਅਤੇ ਗੰਦੀ ਰਾਜਨੀਤੀ ਨੂੰ ਪੰਜਾਬ 'ਚੋਂ ਖ਼ਤਮ ਕਰਨਾ ਹੋਵੇਗਾ |