
ਮੋਦੀ ਸਰਕਾਰ ਕਾਰਨ ਦੇਸ਼ 'ਚ ਵਧ ਰਹੀ ਹੈ ਬੇਰੁਜ਼ਗਾਰੀ : ਰਾਹੁਲ ਗਾਂਧੀ
ਕਿਹਾ, ਸਰਕਾਰ ਨੇ ਮਿ੍ਤਕ ਕਿਸਾਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿਤਾ?
ਹੁਸ਼ਿਆਰਪੁਰ, 14 ਫ਼ਰਵਰੀ (ਪੰਕਜ ਨਾਗਲਾ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ 'ਤੇ ਹੁਸ਼ਿਆਰਪੁਰ ਆਏ ਹੋਏ ਹਨ | ਇਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਪੰਜਾਬ ਦੀਆਂ ਚੋਣਾਂ ਬਹੁਤ ਅਹਿਮ ਹਨ | ਕੁੱਝ ਮਹੀਨੇ ਪਹਿਲਾਂ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ |'' ਰਾਹੁਲ ਨੇ ਕਿਹਾ ਕਿ ਚਰਨਜੀਤ ਚੰਨੀ ਗ਼ਰੀਬ ਘਰ ਦੇ ਬੇਟੇ ਹਨ | ਉਹ ਡੂੰਘਾਈ ਨਾਲ ਗ਼ਰੀਬੀ ਨੂੰ ਸਮਝਦੇ ਹਨ | ਉਹ ਪੰਜਾਬ 'ਚ ਰਸੂਖ਼ਦਾਰਾਂ ਦੀ ਸਰਕਾਰ ਨਹੀਂ ਚਲਾਉਣਗੇ | ਪੰਜਾਬ 'ਚ ਕਿਸਾਨਾਂ, ਗ਼ਰੀਬਾਂ, ਮਜ਼ਦੂਰਾਂ ਦੀ ਸਰਕਾਰ ਚਲਾਉਣਗੇ | ਨੋਟਬੰਦੀ ਦੇ ਬਾਅਦ ਤੋਂ ਦੇਸ਼ ਦੀ ਬੁਰੀ ਹਾਲਤ ਸ਼ੁਰੂ ਹੋਈ | ਦੇਸ਼ 'ਚ ਬੇਰੁਜ਼ਗਾਰੀ ਫੈਲ ਗਈ | ਇੰਡਸਟਰੀਆਂ ਤਬਾਹ ਹੋ ਗਈਆਂ | ਜੀ.ਐਸ.ਟੀ. ਗ਼ਲਤ ਢੰਗ ਨਾਲ ਲਾਗੂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੁਜ਼ਗਾਰ, ਭਿ੍ਸ਼ਟਾਚਾਰ ਅਤੇ ਕਾਲੇ ਧਨ ਬਾਰੇ ਕੱੁਝ ਨਹੀਂ ਕਹਿਣਗੇ | ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ |
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਸਣ ਕਿ ਉਹ ਕਿਸਾਨਾਂ ਨੂੰ ਮਾਰਨ ਲਈ ਕਾਨੂੰਨ ਕਿਉਂ ਲੈ ਕੇ ਆਏ? ਡਰੱਗ ਬਾਰੇ ਪਹਿਲਾਂ ਕੁੱਝ ਕਿਉਂ ਨਹੀਂ ਕਿਹਾ? ਰੁਜ਼ਗਾਰ ਬਾਰੇ ਕਿਉਂ ਨਹੀਂ ਬੋਲਦੇ? ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਮੋਦੀ ਤੋਂ ਇਹ ਸਵਾਲ ਪੁਛਣ? ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਨ ਦੇਸ਼ 'ਚ ਬੇਰੁਜ਼ਗਾਰੀ ਵਧ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਪੁਛਿਆ ਕਿ ਨੋਟਬੰਦੀ ਦੌਰਾਨ ਕੀ ਤੁਸੀਂ ਕਿਸੇ ਅਰਬਪਤੀ ਨੂੰ ਲਾਈਨ 'ਚ ਖੜੇ ਵੇਖਿਆ? ਉਸ 'ਚ ਤੁਸੀਂ ਕਿਸਾਨ ਦੇਖੇ, ਮਜ਼ਦੂਰ ਦੇਖੇ, ਗ਼ਰੀਬ ਲੋਕ ਦੇਖੇ, ਛੋਟੇ ਵਪਾਰੀ ਦੇਖੇ, ਦੁਕਾਨਦਾਰ ਦੇਖੇ ਪਰ ਅਰਬਪਤੀ ਨਹੀਂ ਦੇਖੇ | ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਅਮਿਤ ਸ਼ਾਹ ਇਥੇ ਕਿਉਂ ਨਹੀਂ ਆਏ ਅਤੇ ਡਰੱਗ ਦੀ ਗੱਲ ਕਿਉਂ ਨਹੀਂ ਕੀਤੀ? ਨਰਿੰਦਰ ਮੋਦੀ ਦੀ ਸਰਕਾਰ ਨੇ ਜੋ ਛੋਟੇ ਅਤੇ ਮੱਧਮ ਵਪਾਰ ਵਾਲੇ ਲੋਕ ਹਨ, ਉਨ੍ਹਾਂ 'ਤੇ ਹਮਲਾ ਕੀਤਾ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਬਿਲ ਲੈ ਕੇ ਆਈ | ਪੰਜਾਬ ਦੇ ਕਿਸਾਨ ਸੜਕਾਂ 'ਤੇ ਉਤਰ ਆਏ | ਇਕ ਸਾਲ ਤਕ ਉਹ ਠੰਢ 'ਚ ਕੋਰੋਨਾ ਦੇ ਸਮੇਂ ਖੜੇ ਰਹੇ |
ਇਸ ਦਾ ਕਾਰਨ ਇਹ ਹੈ ਕਿ ਨਰਿੰਦਰ ਮੋਦੀ ਕਿਸਾਨਾਂ ਦੀ ਮਿਹਨਤ 2-3 ਅਰਬਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਨਾਲ ਹਮੇਸ਼ਾ ਖੜੀ ਰਹੀ ਅਤੇ ਇਕ ਸਾਲ ਬਾਅਦ ਮੋਦੀ ਨੇ ਕਿਹਾ ਕਿ ਗ਼ਲਤੀ ਹੋ ਗਈ | ਇਕ ਸਾਲ ਉਨ੍ਹਾਂ ਨੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ | 700 ਕਿਸਾਨ ਸ਼ਹੀਦ ਹੋ ਗਏ | ਸੰਸਦ 'ਚ ਮੈਂ ਕਿਹਾ ਕਿ 2 ਮਿੰਟ ਸ਼ਹੀਦ ਕਿਸਾਨਾਂ ਲਈ ਮੌਨ ਰੱਖੋ ਪਰ ਸਮਾਂ ਨਹੀਂ ਦਿਤਾ | ਗ਼ਲਤੀ ਹੋਈ ਤਾਂ ਫਿਰ 700 ਕਿਸਾਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿਤਾ? ਸਿਰਫ਼ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਮੁਆਵਜ਼ਾ ਦਿਤਾ |
ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਮੇਰਾ ਮਜ਼ਾਕ ਉਡਾਉਂਦੇ ਰਹੇ ਕਿ ਰਾਹੁਲ ਕੋਰੋਨਾ ਨੂੰ ਨਹੀਂ ਸਮਝ ਪਾ ਰਿਹਾ ਹੈ | ਰਾਹੁਲ ਇਸ ਤਰ੍ਹਾਂ ਹੀ ਬੋਲ ਰਿਹਾ ਹੈ | ਮੈਂ ਵਾਰ-ਵਾਰ ਤਿਆਰੀ ਲਈ ਕਹਿੰਦਾ ਰਿਹਾ | ਸਰਕਾਰ ਨਹੀਂ ਮੰਨੀ | ਹੁਣ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਨੂੰ ਲੁਕਾਇਆ ਜਾ ਰਿਹਾ ਹੈ | ਜੋ ਅੰਕੜੇ ਸਰਕਾਰ ਦੇ ਰਹੀ ਹੈ, ਉਸ ਤੋਂ 7 ਗੁਣਾਂ ਵਧ ਮੌਤਾਂ ਹੋਈਆਂ ਹਨ | ਇਸ ਦੌਰਾਨ ਰਾਹੁਲ ਨੇ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨਾ ਸਾਧਿਆ | ਰਾਹੁਲ ਨੇ ਕਿਹਾ ਕਿ 'ਆਪ' ਵਾਲੇ ਇਥੇ ਮਹੱਲਾ ਕਲੀਨਿਕ ਦੀ ਗੱਲ ਕਰਦੇ ਹਨ, ਸੱਭ ਤੋਂ ਪਹਿਲਾਂ ਮਹੱਲਾ ਕਲੀਨਿਕ ਕਾਂਗਰਸ ਅਤੇ ਸ਼ੀਲਾ ਦੀਕਸ਼ਤ ਨੇ ਬਣਾਏ ਸਨ | 'ਆਪ' ਨੂੰ ਕਲੀਨਿਕ ਚਲਾਉਣੇ ਨਹੀਂ ਆਉਂਦੇ | ਕੋਰੋਨਾ ਸਮੇਂ ਇਹ ਕਲੀਨਿਕ ਬੇਕਾਰ ਸਾਬਤ ਹੋਏ | ਆਕਸੀਜਨ-ਵੈਂਟੀਲੇਟਰ ਦੀ ਘਾਟ ਹੋਈ | ਹਜ਼ਾਰਾਂ ਲੋਕ ਸੜਕ 'ਤੇ ਮਰ ਗਏ | ਕੋਰੋਨਾ ਦੇ ਸਮੇਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ | ਕਾਂਗਰਸ ਦੇ ਵਰਕਰਾਂ ਨੇ ਘਰਾਂ ਤਕ ਸਿਲੰਡਰ ਪਹੁੰਚਾਏ |