
ਏਜੰਟ ਨੇ ਧੋਖੇ ਨਾਲ ਜ਼ਮੀਨ ਦੀ ਪਾਵਰ ਆਫ਼ ਅਟਾਰਨੀ ਵੀ ਅਪਣੇ ਨਾਮ ਕਰਵਾ ਲਈ : ਪਤਨੀ
ਚੋਣ ਮੁਹਿੰਮਾਂ ਦੌਰਾਨ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ’ਚ ਸਾਡੀ ਸਰਕਾਰ ਬਣਦਿਆਂ ਹੀ ਦੇਸ਼ ਵਿਚ ਰਹਿ ਰਹੇ ਨਾਜਾਇਜ਼ ਤੌਰ ’ਤੇ ਨੌਜਵਾਨਾਂ ਨੂੰ ਤੁਰਤ ਉਨ੍ਹਾਂ ਦੇ ਦੇਸ਼ਾਂ ਵਿਚ ਭੇਜ ਦਿਤਾ ਜਾਵੇਗਾ। ਇਸੇ ਤਹਿਤ ਅੱਜ ਭਾਰਤ ਦੇ 119 ਨੌਜਵਾਨ ਦੇਸ਼ ਪਰਤ ਰਹੇ ਹਨ, ਜਿਨ੍ਹਾਂ ਵਿਚੋਂ 67 ਨੌਜਵਾਨ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੇ ਲਿਆਂਦੇ ਜਾਣਗੇ।
photo
ਜਿਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰ ਹਲਕੇ ਦੇ ਵਿਧਾਇਕ ਵੀ ਅੰਮ੍ਰਿਤਸਰ ਅਤੇ ਭਾਰੀ ਗਿਣਤੀ ’ਚ ਪੁਲਿਸ ਵੀ ਪਹੁੰਚੀ ਹੋਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ ਢਾਈ ਸਾਲ ਪਹਿਲਾਂ ਅਪਣੀ ਰੋਜ਼ੀ ਰੋਟੀ ਦੀ ਤਲਾਸ਼ ਵਿਚ ਅਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਗਿਆ ਸੀ।
ਜਿਸ ਨੂੰ ਅਮਰੀਕਾ ਪਹੁੰਚਣ ਲਈ ਕਰੀਬ ਢਾਈ ਸਾਲ ਲਗ ਗਏ ਅਤੇ ਦਲਜੀਤ ਸਿੰਘ ਦੀ ਪਤਨੀ ਨੇ ਦਸਿਆ ਕਿ ਜਦੋਂ ਏਜੰਟ ਨੇ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਅਸੀਂ ਦਲਜੀਤ ਨੂੰ ਸਿੱਧੀ ਫਲਾਈਟ ਰਾਹੀ ਭੇਜਾਂਗੇ, ਪਰ ਏਜੰਟ ਨੇ ਸਾਡੇ ਨਾਲ ਧੋਖਾਧੜੀ ਕਰਦਿਆਂ ਸਾਡੇ ਕਰੀਬ ਪੰਜ ਕਿੱਲੇ ਜ਼ਮੀਨ ਦੀ ਪਾਵਰ ਆਫ਼ ਅਟਾਰਨੀ ਵੀ ਅਪਣੇ ਨਾਮ ’ਤੇ ਕਰਵਾ ਲਈ। ਦਲਜੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਜ਼ਮੀਨ ਵਾਪਸ ਕਰਵਾਈ ਜਾਵੇ ਅਤੇ ਏਜੰਟ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ।