
Punjab News : ਰੂਪਨਗਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਵਾਪਰਿਆ ਸੀ ਹਾਦਸਾ
Horrific accident leaves two houses in ruins, two youths tragically die Latest News in Punjabi : ਸ੍ਰੀ ਕੀਰਤਪੁਰ ਸਾਹਿਬ (ਬਾਲੀ) ਵਿਚ ਰੂਪਨਗਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਪਿੰਡ ਭਰਤਗੜ੍ਹ ਸਰਾਏ ਹੋਟਲ ਨੇੜੇ ਬਲਕਰ ਬੋਗੀ ਦੀ ਲਪੇਟ ਵਿਚ ਇਕ ਮੋਟਰਸਾਈਕਲ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸੁਖਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਏ.ਐਸ.ਆਈ. ਸੁਰਜੀਤ ਸਿੰਘ ਨੇ ਦਸਿਆ ਕਿ ਇਸ ਹਾਦਸੇ ਸਬੰਧੀ ਪੁਲਿਸ ਨੂੰ ਮੁਹੰਮਦ ਸਲਮਾਨ ਪੁੱਤਰ ਮੁਹੰਮਦ ਅਖਤਰ ਵਾਸੀ ਦੌਲਤਪੁਰ ਚੌਕ ਤਹਿਸੀਲ ਗੋਨਾਰੀ ਥਾਣਾ ਅੰਬ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨੇ ਅਪਣੇ ਬਿਆਨ ਵਿਚ ਦਸਿਆ ਕਿ ਉਹ ਟੀ.ਵੀ.ਐਸ. ਕੰਪਨੀ ਵਿਚ ਨੌਕਰੀ ਕਰਦਾ ਹੈ। ਉਸ ਦੇ ਨਾਲ ਮ੍ਰਿਤਕ ਰੱਜਤ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਬਾਰਸੜਾ ਥਾਣਾ ਅਤੇ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਅਖਿਲ ਪੁੱਤਰ ਰਮੇਸਵਰ ਰਾਮ ਵਾਸੀ ਪਿੰਡ ਨਗਵਾਹਨ ਥਾਣਾ ਧਨੋਟੂ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਵੀ ਟੀ.ਵੀ.ਐਸ. ਕੰਪਨੀ ਨਾਲਾਗੜ੍ਹ ਵਿਖੇ ਨੌਕਰੀ ਕਰਦੇ ਹਨ।
ਉਹ ਪਿੰਡ ਦਬੋਟਾ ਵਿਖੇ ਕਿਰਾਏ ’ਤੇ ਰਹਿੰਦਾ ਹੈ ਜਦ ਕਿ ਰਜਤ ਅਤੇ ਅਖਿਲ ਦਬੋਟਾ ਮੋੜ ਭਰਤਗੜ੍ਹ ਵਿਖੇ ਹੀ ਕਿਰਾਏ ’ਤੇ ਰਹਿੰਦੇ ਹਨ। 12 ਫ਼ਰਵਰੀ ਰਾਤ ਨੂੰ ਉਹ ਰਜਤ ਅਤੇ ਅਖਿਲ ਨਾਲ ਰੋਟੀ ਖਾਣ ਲਈ ਘਨੌਲੀ ਸਾਈਡ ਗਿਆ ਸੀ, ਤਾਂ ਜਦੋਂ ਅਸੀਂ ਰੋਟੀ ਪਾਣੀ ਖਾ ਕੇ ਅਪਣੇ-ਅਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਤਾਂ ਅਖਿਲ ਅਪਣੇ ਮੋਟਰਸਾਈਕਲ ਨੰਬਰ ਚਲਾ ਰਿਹਾ ਸੀ। ਜਿਸ ਦੇ ਪਿੱਛੇ ਰਜਤ ਬੈਠਾ ਸੀ, ਇਨ੍ਹਾਂ ਦਾ ਮੋਟਰਸਾਈਕਲ ਅੱਗੇ ਜਾ ਰਿਹਾ ਸੀ ਅਤੇ ਮੈਂ ਇਨ੍ਹਾਂ ਦੇ ਪਿੱਛੇ ਆ ਰਿਹਾ ਸੀ ਜਦੋਂ ਅਸੀਂ ਨੇੜੇ ਸਰਾਏ ਹੋਟਲ ਭਰਤਗੜ੍ਹ ਪੁੱਜੇ ਤਾਂ ਸਾਡੇ ਤੋਂ ਅੱਗੇ ਇਕ ਬਲਕਰ ਬੋਗੀ ਦਾ ਚਾਲਕ ਬਲਕਰ ਬੋਗੀ ਨੂੰ ਬੜੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਜਿਸ ਨੇ ਅਪਣੀ ਬਲਕਰ ਬੋਗੀ ਨੂੰ ਇਕ ਦਮ ਇਸ਼ਾਰਾ ਲਗਾਏ ਬਿਨਾਂ ਪਟਰੌਲ ਪੰਪ ਵਾਲੇ ਕੱਟ ਵੱਲ ਨੂੰ ਮੋੜ ਕੇ ਬਰੇਕ ਮਾਰ ਦਿਤੀ ਜਿਸ ਕਰ ਕੇ ਅਖਿਲ ਅਤੇ ਰਜਤ ਦਾ ਮੋਟਰਸਾਈਕਲ ਬਲਕਰ ਬੋਗੀ ਦੀ ਪਿਛਲੀ ਸਾਈਡ ਟਕਰਾ ਗਿਆ, ਮੈਂ ਅਪਣਾ ਮੋਟਰਸਾਈਕਲ ਖੱਬੀ ਸਾਈਡ ਨੂੰ ਮੋੜ ਕੇ ਬਚਾ ਲਿਆ, ਜਿਸ ਨਾਲ ਅਖਿਲ ਅਤੇ ਰਜਤ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ।
ਉਸ ਨੇ ਰਾਹਗੀਰਾਂ ਦੀ ਮਦਦ ਨਾਲ ਅਖਿਲ ਅਤੇ ਰਜਤ ਨੂੰ ਸੰਭਾਲਿਆ ਤਾਂ ਉਸ ਸਮੇਂ ਬਲਕਰ ਬੋਗੀ ਦਾ ਚਾਲਕ ਮੇਰੇ ਕੋਲ ਆਇਆ ਜਿਸ ਨੇ ਮੇਰੇ ਪੁੱਛਣ ਦੇ ਅਪਣਾ ਨਾਮ ਵਰਿਆਮ ਸਿੰਘ ਦਸਿਆ ਅਸੀਂ ਰਾਹਗੀਰਾਂ ਦੀ ਮਦਦ ਨਾਲ ਰੱਜਤ ਅਤੇ ਅਖਿਲ ਨੂੰ ਸਿਵਲ ਹਸਪਤਾਲ ਰੂਪਨਗਰ ਲੈ ਗਏ ਜਿੱਥੇ ਡਾਕਟਰ ਸਾਹਿਬ ਨੇ ਚੈੱਕ ਕਰ ਕੇ ਰਜਤ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਅਤੇ ਅਖਿਲ ਨੂੰ ਮੁੱਢਲੀ ਸਹਾਇਤਾ ਦੇ ਕੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਪੀ. ਜੀ. ਆਈ. ਚੰਡੀਗੜ੍ਹ ਦੇ ਮੇਨ ਗੇਟ ਕੋਲ ਅਖਿਲ ਦੀ ਵੀ ਮੌਤ ਹੋ ਗਈ, ਜਿਸ ਨੂੰ ਅਸੀਂ ਐਮਰਜੈਂਸੀ ਪੀ. ਜੀ. ਆਈ. ਚੰਡੀਗੜ੍ਹ ਲੈ ਗਏ, ਜਿੱਥੇ ਡਾਕਟਰ ਸਾਹਿਬ ਨੇ ਅਖਿਲ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿਤਾ।