
ਅਮਰੀਕਾ ਤੋਂ ਵਾਪਸ ਪਰਤਣ ਦਾ ਪਤਾ ਲੱਗਣ ਉੱਤੇ ਧਾਹਾਂ ਮਾਰ ਰੋ ਰਿਹਾ ਪਰਿਵਾਰ
ਸੁਲਤਾਨਪੁਰ ਲੋਧੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂਨੀ ਪਰਵਾਸੀਆ ਨੂੰ ਲਗਾਤਾਰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੇ 40 ਤੋਂ 50 ਲੱਖ ਰੁਪਏ ਲਾ ਕੇ ਡੌਂਕੀ ਲਗਾ ਕੇ ਵਿਦੇਸ਼ ਗਏ ਸਨ ਹੁਣ ਟਰੰਪ ਦੀ ਕਾਰਵਾਈ ਨਾਲ ਉਨ੍ਹਾਂ ਦੇ ਸੁਪਨੇ ਚੂਰ ਚੂਰ ਹੋ ਗਏ ਹਨ। ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਸਹਿਲਪ੍ਰੀਤ ਸਿੰਘ ਦੇ ਪਰਿਵਾਰ ਉਸਨੂੰ ਉੱਜਵਲ ਭਵਿੱਖ ਦਾ ਸੁਪਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਸੁਧਾਰੇਗਾ।
ਸਾਹਿਲ ਪ੍ਰੀਤ ਦੇ ਦਾਦਾ ਗੁਰਮੀਤ ਸਿੰਘ ਨੇ ਭਾਵੁਕ ਮਨ ਦੇ ਨਾਲ ਦੱਸਿਆ ਕਿ ਪੋਤੇ ਨੂੰ ਅਮਰੀਕਾ ਭੇਜਣ ਲਈ ਉਸ ਨੇ ਘਰ ਜਮੀਨ ਸਭ ਕੁਝ ਗਹਿਣੇ ਰੱਖ ਦਿੱਤਾ ਕੁਝ ਜਮੀਨ ਵੀ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਕੋਲੋਂ ਵਿਤੀ ਸਹਾਇਤਾ ਲਈ ਸੀ। ਇਸ ਲਈ ਉਨ੍ਹਾਂ ਨੇ ਕਰੀਬ 40-45 ਲੱਖ ਰੁਪਏ ਦਾ ਕਰਜ਼ਾ ਲਿਆ। ਕਰੀਬ 20 ਦਿਨ ਪਹਿਲਾਂ ਪਰਿਵਾਰ ਦੀ ਸਾਹਿਲ ਨਾਲ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਿਆ ਹੈ ਕਿ ਉਸਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ।
ਸਾਹਿਲ ਦੀ ਮਾਂ ਨੇ ਰੋਂਦੇ ਹੋਏ ਕਿਹਾ ਹੈ ਕਿ ਅਸੀਂ ਕਰਜਾ ਚੁੱਕੇ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਹੁਣ ਇਹ ਆ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਸਾਰੇ ਸੁਪਨੇ ਚੂਰ ਚੂਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦੇ ਹਾਂ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਭਾਵਕ ਹੋ ਚੁੱਕਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਬਹੁਤ ਸਾਰੇ ਸੁਪਨੇ ਦੇਖੇ ਸਨ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਦੇਵੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।