
ਨੌਜਵਾਨ ਵਲੋਂ ਬਣਵਾਇਆ ਨਵਾਂ ਪਾਸਪੋਰਟ ਵੀ ਸੜਿਆ
Punjab News: ਕੁਦਰਤੀ ਆਫ਼ਤਾਂ ਮਨੁੱਖ ਦੇ ਸੁਪਨੇ ਰੋਲ ਕੇ ਰੱਖ ਦਿੰਦੀਆਂ ਹਨ। ਜੇਕਰ ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਸ ਪਰਿਵਾਰ ਦਾ ਨਾ ਸਿਰਫ਼ ਮਾਲੀ ਨੁਕਸਾਨ ਹੁੰਦਾ ਹੈ ਬਲਕਿ ਭਵਿੱਖ ਲਈ ਸੰਜੋਏ ਹੋਏ ਸੁਪਨੇ ਵੀ ਸੜ ਕੇ ਰਾਖ਼ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਮੋਰਿੰਡਾ ਦੇ ਚੂੰਨੀ ਰੋਡ ਉੱਤੇ ਸਥਿਤ ਇਕ ਘਰ ਵਿਚ ਵਾਪਰਿਆ।
ਜਾਣਕਾਰੀ ਅਨੁਸਾਰ ਮੋਰਿੰਡਾ ਦੇ ਚੂੰਨੀ ਰੋਡ ਵਿਖੇ ਰਹਿੰਦੇ ਇੱਕ ਸ਼ਹਿਰ ਵਾਸੀ ਭੋਲਾ ਸਿੰਘ ਦੇ ਘਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਤੇਜ਼ ਲਪਟਾਂ ਵਿੱਚ ਮਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਮਕਾਨ ਮਾਲਕ ਭੋਲਾ ਸਿੰਘ ਅਨੁਸਾਰ ਇਸ ਅੱਗ ਦੀ ਘਟਨਾ ਨਾਲ ਮਕਾਨ ਵਿੱਚ ਪਏ ਬੈੱਡ, ਬਿਸਤਰੇ, ਕੱਪੜੇ ਅਤੇ ਕੁਝ ਗਹਿਣੇ ਆਦਿ ਤੋਂ ਇਲਾਵਾ ਉਸ ਦੇ ਬੇਟੇ ਮਨਪ੍ਰੀਤ ਸਿੰਘ ਦੇ ਪਾਸਪੋਰਟ ਅਤੇ ਹੋਰ ਡਾਕੂਮੈਂਟ ਵੀ ਸੜ ਕੇ ਸਵਾਹ ਹੋ ਗਏ। ਜਿਸ ਨਾਲ ਉਹਨਾਂ ਦਾ 3 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ।
ਜਦ ਕਿ ਮਨਪ੍ਰੀਤ ਸਿੰਘ ਦੇ ਪਾਸਪੋਰਟ ਅਤੇ ਹੋਰ ਜ਼ਰੂਰੀ ਡਾਕੂਮੈਂਟ ਵੀ ਸੜ ਕੇ ਸਵਾਹ ਹੋ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਮੋਰਿੰਡਾ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚੀਆਂ।
ਪਰੰਤੂ ਉਦੋਂ ਤਕ ਸਭ ਕੁਝ ਸੜ ਕੇ ਰਾਖ਼ ਹੋ ਗਿਆ ਸੀ।
ਭੋਲਾ ਸਿੰਘ ਨੇ ਦੱਸਿਆ ਕਿ ਇਸ ਅੱਗਜ਼ਨੀ ਦੀ ਘਟਨਾ ਨਾਲ ਮਕਾਨ ਨੂੰ ਵੀ ਕਾਫੀ ਨੁਕਸਾਨ ਪਹੁੰਚਾ ਅਤੇ ਲੈਂਟਰ ਵੀ ਖ਼ਸਤਾ ਹਾਲ ਹੋ ਗਿਆ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦੇ ਕੇ ਰਾਹਤ ਦਿਵਾਈ ਜਾਵੇ।