
ਖਡੂਰ ਸਾਹਿਬ ਰੈਲੀ 'ਚ ਸ਼ਰਾਬ ਵਰਤਾਉਣ ਦੇ ਮਾਮਲੇ 'ਚ ਜਵਾਬ ਮੰਗਿਆ
ਚੰਡੀਗੜ੍ਹ : ਬੀਤੇ ਦਿਨੀਂ ਤਰਨਤਾਰਨ ਵਿਖੇ ਅਕਾਲੀ ਦਲ ਦੀ ਇਕ ਜ਼ਿਲ੍ਹਾ ਪੱਧਰੀ ਰੈਲੀ ਤੋਂ ਬਾਅਦ ਸ਼ਰਾਬ ਵਰਤਾਉਣ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈ ਸੀ, ਜਿਸ ਦਾ ਜ਼ਿਲ੍ਹਾ ਚੋਣ ਅਫ਼ਸਰ ਤਰਨਤਾਰਨ ਨੇ ਸਖ਼ਤ ਨੋਟਿਸ ਲਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਤਰਨਤਾਰਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ਦੇ ਗੁਰਿੰਦਰ ਸਿੰਘ ਟੋਨੀ ਨੂੰ ਨੋਟਿਸ ਜਾਰੀ ਕਰ ਕੇ 24 ਘੰਟਿਆਂ 'ਚ ਇਸ ਸਬੰਧੀ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵਲੋਂ ਜ਼ਿਲ੍ਹਾ ਚੋਣ ਅਧਿਕਾਰੀ ਤਰਨਤਾਰਨ ਨੂੰ ਇਸ ਸਬੰਧੀ 24 ਘੰਟਿਆਂ 'ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਸਨ | ਡਾ. ਰਾਜੂ ਨੇ ਦੱਸਿਆ ਸੀ ਕਿ ਆਦਰਸ਼ ਚੋਣ ਜ਼ਾਬਤੇ ਦੀ ਨਿਗਰਾਨੀ ਲਈ ਗਠਿਤ ਟੀਮ ਵਲੋਂ ਉਨ੍ਹਾਂ ਦੇ ਧਿਆਨ 'ਚ ਇਹ ਘਟਨਾ ਅਤੇ ਟੀ.ਵੀ. ਚੈਨਲ ਵਲੋਂ ਚਲਾਈ ਗਈ ਖ਼ਬਰ ਦਾ ਮਾਮਲਾ ਲਿਆਂਦਾ ਗਿਆ ਸੀ, ਜਿਸ ਦਾ ਕਮਿਸ਼ਨ ਵਲੋਂ ਸਖ਼ਤੀ ਨਾਲ ਨੋਟਿਸ ਲੈਣ ਦਾ ਫ਼ੈਸਲਾ ਲਿਆ ਗਿਆ |
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਵੱਲੋਂ ਕੀਤੀ ਰੈਲੀ ਤੋਂ ਬਾਅਦ ਉਸੇ ਥਾਂ ਉੱਤੇ ਸ਼ਰਾਬ ਦੀਆਂ ਬੋਤਲਾਂ ਦੇ ਡਟ ਖੁੱਲ੍ਹ ਗਏ। ਜਿਸ ਦੀ ਇੱਕ ਟੀਵੀ ਚੈਨਲ ਵੱਲੋਂ ਵੀਡੀਓ ਬਣ ਕੇ ਔਨ ਏਅਰ ਕਰ ਦਿੱਤੀ ਗਈ ਸੀ।ਇਸ ਰੈਲੀ 'ਚ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹੋਏ ਸਨ। ਖ਼ਬਰ ਨਸ਼ਰ ਹੋਣ ਦੇ ਤੁਰੰਤ ਬਾਅਦ ਅਸਰ ਵੇਖਣ ਨੂੰ ਮਿਲਿਆ ਤੇ ਚੋਣ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦੇ ਹੋਏ ਤਰਨਤਾਰਨ ਦੇ ਡੀ.ਸੀ. ਤੋਂ 24 ਘੰਟਿਆਂ 'ਚ ਰਿਪੋਰਟ ਮੰਗੀ ਸੀ।