
ਕੋਰੋਨਾ:24 ਘੰਟਿਆਂ ’ਚ ਮਿਲੇ 25 ਹਜ਼ਾਰ ਤੋਂ ਵਧੇਰੇ ਕੇਸ, 161 ਮੌਤਾਂ
ਪੰਜਾਬ ’ਚ 22 ਜਾਨਾਂ ਗਈਆਂ
ਨਵੀਂ ਦਿੱਲੀ, 14 ਮਾਰਚ: ਭਾਰਤ ’ਚ ਕੋਰੋਨਾ ਵਾਇਰਸ ਦੇ ਐਤਵਾਰ ਨੂੰ 25,320 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ 84 ਦਿਨਾਂ ’ਚ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਹੁਣ ਤਕ ਪੀੜਤ ਮਿਲੇ ਲੋਕਾਂ ਦੀ ਕੁਲ ਗਿਣਤੀ ਵੱਧ ਕੇ 1,13,59,048 ਹੋ ਗਈ ਹੈ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਵਾਇਰਸ ਦੇ 26,624 ਨਵੇਂ ਕੇਸ ਸਾਹਮਣੇ ਆਏ ਸਨ।
ਕੇਂਦਰ ਸਿਹਤ ਮੰਤਰਾਲਾ ਦੇ ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਕਾਰਨ ਐਤਵਾਰ ਨੂੰ 161 ਲੋਕਾਂ ਦੀ ਮੌਤ ਹੋ ਗਈ, ਜੋ ਕਿ ਪਿਛਲੇ 44 ਦਿਨਾਂ ਵਿਚ ਸੱਭ ਤੋਂ ਵੱਧ ਮ੍ਰਿਤਕਾਂ ਦੀ ਗਿਣਤੀ ਹੈ। ਦੇਸ਼ ਵਿਚ ਵਾਇਰਸ ਕਾਰਨ ਹੁਣ ਤਕ ਕੁਲ 1,58,607 ਲੋਕਾਂ ਦੀ ਮੌਤ ਹੋ ਚੁਕੀ ਹੈ। ਪੰਜਾਬ ਵਿਚ ਕੋਰੋਨਾ ਕਾਰਨ 22 ਮੌਤਾਂ ਹੋਈਆਂ ਹਨ।
ਮੰਤਰਾਲਾ ਨੇ ਦਸਿਆ ਕਿ ਦੇਸ਼ ਵਿਚ 2,10,544 ਲੋਕ ਜ਼ੇਰੇ ਇਲਾਜ ਹਨ, ਜੋ ਕੁਲ ਪੀੜਤਾਂ ਦਾ 1.85 ਫ਼ੀ ਸਦੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ 1,09,89,897 ਲੋਕ ਵਾਇਰਸ ਮੁਕਤ ਹੋ ਚੁਕੇ ਹਨ, ਜਦਕਿ ਮੌਤ ਦਰ 1.40 ਫ਼ੀ ਸਦੀ ਬਣੀ ਹੋਈ ਹੈ। ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿਚ 13 ਮਾਰਚ ਤਕ 22,67,03,641 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 8,64,368 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ। ਐਤਵਾਰ ਨੂੰ ਜਿਨ੍ਹਾਂ 161 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਮਹਾਰਾਸ਼ਟਰ ਦੇ 88, ਪੰਜਾਬ ਦੇ 22 ਅਤੇ ਕੇਰਲ ਦੇ 12 ਲੋਕ ਸ਼ਾਮਲ ਹਨ। ਦਸਣਯੋਗ ਹੈ ਕਿ ਦੇਸ਼ ਵਿਚ ਕੁਲ 2,97,38,409 ਲੋਕਾਂ ਦੀ ਕੋਰੋਨਾ ਵੈਕਸੀਨ ਲਾਈ ਜਾ ਚੁਕੀ ਹੈ। (ਪੀਟੀਆਈ)