
ਗੁਰਪ੍ਰੀਤ ਜੀ.ਪੀ. ਨੇ ਚੰਨੀ ਨੂੰ ਕਾਂਗਰਸ ਵਿੱਚੋਂ ਕੱਢਣ ਦੀ ਕੀਤੀ ਮੰਗ, ਕਾਂਗਰਸ ਭਵਨ ਪਹੁੰਚੇ ਚੰਨੀ ਨੇ ਨਹੀਂ ਦਿੱਤਾ ਕਿਸੇ ਸਵਾਲ ਦਾ ਜਵਾਬ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਤੇ ਕਈ ਕਾਂਗਰਸੀ ਆਗੂ ਇਸ ਹਾਰ ਦਾ ਜ਼ਿੰਮੇਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਠਹਿਰਾ ਰਹੇ ਹਨ। ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਕ ਦੂਜੇ ਪ੍ਰਤੀ ਬਿਆਨਬਾਜ਼ੀ ਹੀ ਪਾਰਟੀ ਨੂੰ ਲੈ ਕੇ ਬੈਠ ਗਈ। ਜੇ ਤਿੰਨੋਂ ਮਿਲ ਕੇ ਚੱਲਦੇ ਤਾਂ ਕਾਂਗਰਸ ਨੂੰ ਚੋਣਾਂ ਵਿਚ ਪਾਇਦਾ ਹੋ ਸਕਦਾ ਸੀ। ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਢੁਕਵੇਂ ਕਦਮ ਚੁੱਕਣੇ ਪੈਣਗੇ। ਅੱਜ ਦੀ ਕਾਂਗਰਸੀ ਉਮੀਦਵਾਰਾਂ ਦੀ ਬੈਠਕ ਹਰੀਸ਼ ਚੌਧਰੀ ਨੇ ਬੁਲਾਈ ਸੀ।
Gurpreet GP
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਰੀਸ਼ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਾਰਟੀ ਉਮੀਦਵਾਰਾਂ ਨੂੰ ਨਿੱਜੀ ਤੌਰ 'ਤੇ ਮਿਲਣਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਕਾਂਗਰਸ ਦੇ ਦਫ਼ਤਰ ਪਹੁੰਚੇ ਸਨ ਹਾਲਾਂਕਿ ਚੰਨੀ ਤੇ ਸਿੱਧੂ ਦੋਵਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Navjot Singh Sidhu
ਇਸ ਦੇ ਨਾਲ ਹੀ ਬੱਸੀ ਪਠਾਣਾਂ ਵਿਧਾਨ ਸਭਾ ਸੀਟ ਤੋਂ ਹਾਰੇ ਗੁਰਪ੍ਰੀਤ ਸਿੰਘ ਨੇ ਚੋਣਾਂ ਵਿਚ ਪਾਰਟੀ ਦੀ ਕਰਾਰੀ ਹਾਰ ਲਈ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਨਵਜੋਤ ਸਿੱਧੂ ਦਾ ਪੱਖ ਪੂਰਿਆ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੀ ਤਾਂ ਉਹ ਘੱਟੋ-ਘੱਟ 50 ਸੀਟਾਂ ਜਿੱਤ ਸਕਦੀ ਸੀ। ਉਹਨਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਅਪਣੇ ਪਰਿਵਾਰ 'ਤੇ ਕਾਬੂ ਨਹੀਂ ਪਾ ਸਕਦਾ ਉਹ ਪੂਰੇ ਪੰਜਾਬ ਨੂੰ ਕਿਵੇਂ ਸੰਭਾਲ ਸਕਦਾ ਹੈ। ਜੀ.ਪੀ. ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਪਾਰਟੀ ਵਿਚੋਂ ਤੁਰੰਤ ਕੱਢਣਾ ਚਾਹੀਦਾ ਹੈ ਜੇ ਅਸੀਂ 2024 ਵਿਚ ਲੜਾਈ ਲੜਨੀ ਹੈ ਤਾਂ ਹੁਣ ਤੋਂ ਹੀ ਐਕਸ਼ਨ ਲੈਣੇ ਚਾਹੀਦੇ ਹਨ। ਦੱਸ ਦਈਏ ਕਿ ਚੰਨੀ ਦੇ ਭਰਾ ਮਨੋਹਰ ਸਿੰਘ ਨੇ ਗੁਰਪ੍ਰੀਤ ਸਿੰਘ ਵਿਰੁੱਧ ਬੱਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।
Charanjit Singh Channi
ਇੱਕ ਸਵਾਲ ਦੇ ਜਵਾਬ ਵਿਚ ਸਿੰਘ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਤੋਂ ਬਾਅਦ ਚੰਨੀ ਦੇ ਭਤੀਜੇ ਤੋਂ ਵੱਡੀ ਰਕਮ ਬਰਾਮਦ ਹੋਣ ਤੋਂ ਬਾਅਦ ਪਾਰਟੀ ਹਾਈਕਮਾਂਡ ਨੂੰ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਣਾ ਚਾਹੀਦਾ ਸੀ। ਸਾਬਕਾ ਕਾਂਗਰਸੀ ਵਿਧਾਇਕ ਨੇ ਇਹ ਵੀ ਦੋਸ਼ ਲਾਇਆ ਕਿ ਚੰਨੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲੋਂ ਵੀ ਅਮੀਰ ਹਨ। ਲੁਧਿਆਣਾ ਪੱਛਮੀ ਸੀਟ ਤੋਂ ਹਾਰ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ, ''ਅਸੀਂ ਚੋਣਾਂ ਵਿਚ ਕਿਉਂ ਹਾਰੇ, ਜਲਦੀ ਹੀ ਸਾਹਮਣੇ ਆ ਜਾਵੇਗਾ। ਮੈਨੂੰ ਨਹੀਂ ਲੱਗਦਾ ਕਿ ਪਾਰਟੀ ਕਮਜ਼ੋਰ ਹੈ ਜਾਂ ਅਸੀਂ ਲੀਡਰਸ਼ਿਪ ਕਾਰਨ ਹਾਰੇ ਹਾਂ।