
ਹਸਪਤਾਲ ਦੇ ਪ੍ਰਸੂਤੀ ਵਾਰਡ 'ਤੇ ਰੂਸੀ ਬੰਬ ਡਿੱਗਣ ਨਾਲ ਗਰਭਵਤੀ ਔਰਤ ਅਤੇ ਬੱਚੇ ਦੀ ਮੌਤ
ਢਿੱਡ 'ਚ ਪਲ ਰਹੇ ਬੱਚੇ ਦੇ ਮਰਨ 'ਤੇ ਡਾਕਟਰਾਂ ਨੂੰ ਕਿਹਾ ਸੀ,'ਮੈਨੂੰ ਵੀ ਮਾਰ ਦਿਉ'
ਮਾਰੀਊਪੋਲ (ਯੂਕਰੇਨ) , 14 ਮਾਰਚ : ਯੂਕਰੇਨ ਦੇ ਪ੍ਰਸੂਤੀ ਹਸਪਤਾਲ 'ਤੇ ਰੂਸੀ ਬੰਬ ਡਿੱਗਣ ਤੋਂ ਬਾਅਦ ਇਕ ਗਰਭਵਤੀ ਔਰਤ ਅਤੇ ਉਸ ਦੇ ਢਿੱਡ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ | ਇਕ ਸਟਰੈਚਰ 'ਤੇ ਔਰਤ ਨੂੰ ਐਂਬੁਲੈਂਸ ਵਿਚ ਲਿਜਾਏ ਜਾਣ ਦੀਆਂ ਤਸਵੀਰਾਂ ਦੁਨੀਆਂ ਭਰ ਵਿਚ ਪ੍ਰਸਾਰਤ ਹੋਈਆਂ ਹਨ, ਜੋ ਮਨੁੱਖਤਾ ਦੇ ਸੱਭ ਤੋਂ ਮਾਸੂਮ ਜੀਅ 'ਤੇ ਭਿਆਨਕਤਾ ਦਾ ਪ੍ਰਤੀਕ ਸੀ | ਹਸਪਤਾਲ 'ਤੇ ਹਮਲੇ ਤੋਂ ਬਾਅਦ ਪੱਤਰਕਾਰਾਂ ਵਲੋਂ ਬੁਧਵਾਰ ਨੂੰ ਬਣਾਈ ਗਈ ਵੀਡੀਉ ਅਤੇ ਖਿੱਚੀਆਂ ਤਸਵੀਰਾਂ 'ਚ ਔਰਤ ਨੂੰ ਖ਼ੂਨ ਨਾਲ ਲੱਥ-ਪੱਥ ਢਿੱਡ ਦੇ ਹੇਠਲੇ ਹਿੱਸੇ ਨੂੰ ਪਲੋਸਦੇ ਹੋਏ ਦੇਖਿਆ ਗਿਆ ਸੀ | ਸਦਮੇ ਵਿਚ ਇਸ ਔਰਤ ਦਾ ਨਿਰਾਸ਼, ਮੁਰਝਾਇਆ ਚਿਹਰਾ 'ਤੇ ਉਸ ਦੇ ਮਨ ਵਿਚ ਉਪਜਿਆ ਖ਼ਦਸ਼ਾ ਸਾਫ਼ ਨਜ਼ਰ ਆ ਰਿਹਾ ਸੀ | ਇਨ੍ਹਾਂ ਤਸਵੀਰਾਂ ਤੇ ਵੀਡੀਉ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ |
ਹੁਣ ਤਕ ਦੇ 19 ਦਿਨਾਂ ਦੇ ਯੁੱਧ ਵਿਚ ਇਹ ਯੂਕਰੇਨ ਵਿਰੁਧ ਰੂਸ ਦੇ ਸੱਭ ਤੋਂ ਵਹਿਸ਼ੀ ਪਲਾਂ ਵਿਚੋਂ ਇਕ ਸੀ | ਔਰਤ ਨੂੰ ਦੂਜੇ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦਾ ਭਰਪੂਰ ਯਤਨ ਕੀਤਾ | ਜਦੋਂ ਔਰਤ ਨੂੰ ਪਤਾ ਲੱਗਾ ਕਿ ਉਸ ਦਾ ਬੱਚਾ ਨਹੀਂ ਰਿਹਾ, ਉਦੋਂ ਉਸ ਨੇ ਰੋਂਦੇ ਹੋਏ ਡਾਕਟਰਾਂ ਨੂੰ ਕਿਹਾ,''ਮੈਨੂੰ ਵੀ ਮਾਰ ਦਿਉ |''
ਸਰਜਨ ਤਿਮੂਰ ਮਾਰਿਨ ਨੇ ਦੇਖਿਆ ਕਿ ਔਰਤ ਦੇ ਸਰੀਰ ਦਾ ਹੇਠਲਾ ਹਿੱਸਾ ਬੰਬ ਧਮਾਕੇ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਤੇ ਲਹੂਲੁਹਾਨ ਹੋਇਆ ਪਿਆ ਸੀ | ਉਸ ਦਾ ਤੁਰਤ ਆਪਰੇਸ਼ਨ ਕੀਤਾ ਗਿਆ ਪਰ ਬੱਚਾ ਮਰ ਚੁਕਿਆ ਸੀ | ਮਾਰਿਨ ਨੇ ਦਸਿਆ ਕਿ ਉਸ ਦੇ ਪਿਤਾ ਆ ਕੇ ਉਸ ਦੀ ਲਾਸ਼ ਲੈ ਗਏ | ਮਾਰਿਨ ਨੇ ਕਿਹਾ ਕਿ ਘਟੋ-ਘੱਟ ਕੋਈ ਤਾਂ ਉਸ ਦੀ ਲਾਸ਼ ਲੈਣ ਆਇਆ ਅਤੇ ਉਹ ਸਮੂਹਕ ਕਬਰ ਵਿਚ ਨਹੀਂ ਜਾਵੇਗੀ | ਯਾਦ ਰਹੇ ਕਿ ਮਾਰੀਊਪੋਲ ਵਿਚ ਰੂਸ ਦੀ ਭਿਆਨਕ ਗੋਲੀਬਾਰੀ ਵਿਚ ਮਾਰੇ ਗਏ ਕਈ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਥੇ ਚਲ ਰਹੇ ਹਾਲਾਤ ਕਾਰਨ ਇਨ੍ਹਾਂ ਲੋਕਾਂ ਨੂੰ ਸਾਂਝੀ ਕਬਰ ਵਿਚ ਦਫਨਾਇਆ ਜਾ ਰਿਹਾ ਹੈ | (ਪੀਟੀਆਈ)