
ਟਿਕਟ ਨਾ ਮਿਲਣ ਤੋਂ ਨਰਾਜ਼ ਕੇ.ਪੀ. ਨੇ ਸੀਨੀਅਰ ਦਲਿਤ ਨੇਤਾਵਾਂ ਦਾ ਅੱਜ ਇਕੱਠ ਬੁਲਾਇਆ ਸੀ
ਚੰਡੀਗੜ੍ਹ : ਦਲਿਤ ਭਾਈਚਾਰੇ ਨਾਲ ਸਬੰਧਤ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਨੂੰ ਅੱਜ ਕਾਂਗਰਸ ਹਾਈਕਮਾਨ ਨੇ ਦਿੱਲੀ ਬੁਲਾ ਲਿਆ ਹੈ। ਅੱਜ ਉਨ੍ਹਾਂ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਸੀਨੀਅਰ ਕਾਂਗਰਸੀ ਨੇਤਾਵਾਂ ਦਾ ਚੰਡੀਗੜ੍ਹ ਵਿਚ ਇਕੱਠ ਬੁਲਾਇਆ ਸੀ। ਮਿਲੀ ਜਾਣਕਾਰੀ ਅਨੁਸਾਰ ਇਕੱਠ ਕਰਨ ਤੋਂ ਪਹਿਲਾਂ ਹੀ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਗੱਲਬਾਤ ਲਈ ਦਿੱਲੀ ਬੁਲਾ ਲਿਆ ਅਤੇ ਮੀਟਿੰਗ ਮੁਲਤਵੀ ਕਰ ਕੇ ਉਹ ਦਿੱਲੀ ਚਲੇ ਗਏ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿਤਾ ਸੀ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿਤੀ ਜਾ ਚੁਕੀ ਹੈ, ਉਨ੍ਹਾਂ ਉਪਰ ਮੁੜ ਵਿਚਾਰ ਨਹੀਂ ਹੋਵੇਗਾ।
Mohinder singh Kaypee
ਕੇ.ਪੀ. ਨੂੰ ਅਪੀਲ ਵੀ ਕੀਤੀ ਸੀ ਕਿ ਉਹ ਪਾਰਟੀ ਹਿਤਾਂ ਨੂੰ ਮੁੱਖ ਰਖਦਿਆਂ ਕੋਈ ਵੀ ਅਜਿਹਾ ਫ਼ੈਸਲਾ ਨਾ ਲੈਣ ਜਿਸ ਨਾਲ ਪਾਰਟੀ ਦਾ ਨੁਕਸਾਨ ਹੋਵੇ। ਕੇ.ਪੀ. ਨੇ ਕਿਹਾ ਸੀ ਕਿ ਅਪਣੇ ਸਾਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲਾ ਫ਼ੈਸਲਾ ਲੈਣਗੇ। ਇਥੇ ਇਹ ਦਸਣਾ ਉਚਿਤ ਹੋਵੇਗਾ ਕਿ ਕੇ.ਪੀ. ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ, ਪ੍ਰੰਤੂ ਇਸ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦੇ ਦਿਤੀ।
Mohinder Singh Kaypee
ਪਿਛਲੀ ਵਾਰ ਵੀ ਉਨ੍ਹਾਂ ਨੇ ਜਲੰਧਰ ਹਲਕਾ ਮੰਗਿਆ ਸੀ, ਪ੍ਰੰਤੂ ਉਨ੍ਹਾਂ ਨੂੰ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਦਿਤੀ ਗਈ ਅਤੇ ਉਹ ਚੋਣ ਹਾਰ ਗਏ ਸਨ। ਇਸ ਵਾਰ ਉਨ੍ਹਾਂ ਨੂੰ ਕਿਸੀ ਹਲਕੇ ਤੋਂ ਟਿਕਟ ਨਹੀਂ ਮਿਲੀ। ਅੱਜ ਦੀ ਮੀਟਿੰਗ ਮੁਲਤਵੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨੂੰ ਨਾ ਤਾਂ ਕੋਈ ਜਾਣਕਾਰੀ ਦਿਤੀ ਅਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ। ਇੰਨੀ ਜਾਣਕਾਰੀ ਮਿਲੀ ਹੈ ਕਿ ਹਾਈਕਮਾਨ ਦੀਆਂ ਹਦਾਇਤਾਂ ਨੂੰ ਮੁੱਖ ਰਖਦਿਆਂ ਮੀਟਿੰਗ ਮੁਲਤਵੀ ਕਰ ਕੇ ਉਹ ਦਿੱਲੀ ਗੱਲਬਾਤ ਲਈ ਚਲੇ ਗਏ।