
ਕਿਹਾ, ਘਰ ਵਾਪਸ ਜਾਣਾ ਚਾਹੁੰਦੇ ਹਾਂ, ਇਥੇ ਨਾ ਰਹਿਣ ਲਈ ਥਾਂ ਹੈ, ਨਾ ਖਾਣ ਲਈ ਰੋਟੀ
ਮੁੰਬਈ, 14 ਅਪ੍ਰੈਲ: ਕੋਰੋਨਾ ਵਾਇਰਸ ਕਾਰਨ ਲਾਗੂ ਦੇਸ਼ਵਿਆਪੀ ਲਾਕਡਾਊਨ ਨੂੰ ਤਿੰਨ ਮਈ ਤਕ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਐਲਾਨ ਮਗਰੋਂ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਆ ਗਏ ਅਤੇ ਕਹਿਣ ਲੱਗੇ ਕਿ ਉਹ ਅਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਾਂ। ਉਨ੍ਹਾਂ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ। ਇਹ ਸਾਰੇ ਪ੍ਰਵਾਸੀ ਮਜ਼ਦੂਰ ਦਿਹਾੜੀ ਮਜ਼ਦੂਰ ਹਨ।
ਮੁੰਬਈ 'ਚ ਰੇਲਵੇ ਸਟੇਸ਼ਨ 'ਤੇ ਇਕੱਠੇ ਮਜ਼ਦੂਰਾਂ।
ਅਧਿਕਾਰੀਆਂ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ ਨੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਪਰ ਪਾਬੰਦੀਆਂ ਕਾਰਨ ਬਹੁਤੇ ਅਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਲਗਭਗ 1000 ਦਿਹਾੜੀ ਮਜ਼ਦੂਰ ਦੁਪਹਿਰ ਲਗਭਗ ਤਿੰਨ ਵਜੇ ਰੇਲਵੇ ਸਟੇਸ਼ਨ ਲਾਗੇ ਬਾਂਦਰਾ ਡਿਪੋ 'ਤੇ ਇਕੱਠੇ ਹੋਏ ਅਤੇ ਸੜਕ 'ਤੇ ਬੈਠ ਗਏ। ਦਿਹਾੜੀ ਮਜ਼ਦੂਰ ਲਾਗਲੇ ਪਟੇਲ ਨਗਰ ਇਲਾਕੇ ਵਿਚ ਝੁੱਗੀਆਂ ਬਸਤੀਆਂ ਵਿਚ ਰਹਿੰਦੇ ਹਨ ਅਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਵਾਸਤੇ ਬਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਉਹ ਅਪਣੇ ਪਿੰਡਾਂ ਨੂੰ ਵਾਪਸ ਜਾ ਸਕਣ। ਉਹ ਮੂਲ ਰੂਪ ਵਿਚ ਪਛਮੀ ਬੰਗਾਲ ਅਤੇ ਯੂ.ਪੀ. ਜਿਹੇ ਰਾਜਾਂ ਦੇ ਰਹਿਣ ਵਾਲੇ ਹਨ।
ਇਕ ਮਜ਼ਦੂਰ ਨੇ ਕਿਹਾ ਕਿ ਬੰਦ ਨਾਲ ਉਨ੍ਹਾਂ ਦੀ ਆਜੀਵਕਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਉਹ ਹੁਣ ਅਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਉਹ ਭੋਜਨ ਨਹੀਂ ਚਾਹੁੰਦੇ ਪਰ ਅਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਤਾਲਾਬੰਦੀ ਵਧਾਉਣ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਹਨ। ਪਛਮੀ ਬੰਗਾਲ ਦੇ ਅਸਦੁਲਾਹ ਸ਼ੇਖ਼ ਨੇ ਕਿਹਾ, 'ਅਸੀਂ ਤਾਲਾਬੰਦੀ ਦੇ ਪਹਿਲੇ ਗੇੜ ਵਿਚ ਅਪਣੀ ਬੱਚਤ ਪਹਿਲਾਂ ਹੀ ਖ਼ਰਚ ਕਰ ਦਿਤੀ ਹੈ। ਹੁਣ ਸਾਡੇ ਕੋਲ ਖਾਣ ਲਈ ਕੁੱਝ ਨਹੀਂ ਬਚਿਆ। ਸਰਕਾਰ ਸਾਡੇ ਲਈ ਅਪਣੇ ਘਰਾਂ ਨੂੰ ਜਾਣ ਦਾ ਪ੍ਰਬੰਧ ਕਰੇ।' ਇਕ ਹੋਰ ਮਜ਼ਦੂਰ ਨੇ ਕਿਹਾ ਕਿ ਉਸ ਨੇ ਕਦੇ ਵੀ ਅਜਿਹੇ ਬੁਰੇ ਹਾਲਾਤ ਨਹੀਂ ਵੇਖੇ।
ਇਸ ਤੋਂ ਇਲਾਵਾ ਗੁਜਰਾਤ ਦੇ ਸੂਰਤ 'ਚ ਵੀ ਕਪੜਾ ਉਦਯੋਗਾਂ 'ਚ ਕੰਮ ਕਰਨ ਵਾਲੇ ਹਜ਼ਾਰਾਂ ਪ੍ਰਵਾਸੀ ਕਾਮੇ ਅਪਣੇ ਘਰ ਵਾਪਸ ਜਾਣ ਲਈ ਵਰਾਛਾ ਇਲਾਕੇ 'ਚ ਇਕੱਠੇ ਹੋ ਗਏ। ਉਨ੍ਹਾਂ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਖਾਣ ਨੂੰ ਰੋਟੀ ਵੀ ਨਹੀਂ ਮਿਲ ਰਹੀ।