
ਵਿਦਿਆਰਥੀਆ ਦੀ ਪੜ੍ਹਾਈ ਨੂੰ ਯਕੀਨੀ ਬਨਾਉਣ ਲਈ ਅਧਿਆਪਕਾਂ ਵੱਲੋਂ ਵੱਖ ਵੱਖ ਆਨ ਲਈਨ ਵੀਡੀਓ ਐਪਜ਼ ਦੀ ਵਰਤੋਂ ਕੀਤੀ ਜਾ ਰਹੀ
ਚੰਡੀਗੜ੍ਹ: ਸਕੂਲ ਸਿੱਖਿਆ ਵਿਭਾਗ ਨੇ ਨਵੇਂ ਵਿਦਿਅਕ ਸੈਸ਼ਨ ਲਈ ਦਾਖਲਿਆਂ ਵਾਸਤੇ ਸ਼ੁਰੂ ਕੀਤੀ ਮੁਹਿੰਮ ਦੇ ਨਾਲ ਨਾਲ ਹੁਣ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਮੁਹਈਆ ਕਰਵਾਉਣ ਦੇ ਸਬੰਧ ਵਿੱਚ ਵੀ ਤੇਜ਼ੀ ਲੈ ਕੇ ਆਂਦੀ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਸਕੂਲ ਬੰਦ ਹੋਣ ਕਾਰਨ ਪਹਿਲੀ ਅਪ੍ਰੈਲ ਤੋਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਦਾਖਲਿਆਂ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਹੋਣ ਕਾਰਨ ਆਨ ਲਾਈਨ ਪੜ੍ਹਾਈ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਆ ਗਈ ਹੈ।
Vijay Inder Singla
ਕੋਵਿਡ-19 ਦੀ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆ ਦੀ ਪੜ੍ਹਾਈ ਨੂੰ ਯਕੀਨੀ ਬਨਾਉਣ ਲਈ ਅਧਿਆਪਕਾਂ ਵੱਲੋਂ ਵੱਖ ਵੱਖ ਆਨ ਲਈਨ ਵੀਡੀਓ ਐਪਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਆਨ ਲਾਈਨ ਸਿੱਖਿਆ ਦੀ ਨਵੀਨਤਮ ਤਕਨੋਲੋਜੀ ਦੀ ਵਰਤੋਂ ਨਾਲ ਇਸ ਵੇਲੇ ਸਰਕਾਰੀ ਸਕੂਲਾਂ ਦੇ 25 ਲੱਖ ਦੇ ਕਰੀਬ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
Students
ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਬਣਾ ਕੇ ‘ਜ਼ੂਮ ਐਪ’ ’ਤੇ ਕਲਾਸਾਂ ਲੈਣ ਦੇ ਨਾਲ ਨਾਲ “ਐਜੂਕੇਅਰ ਐਪ” ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨ ਲਾਈਨ ਇਸਾਈਨਮੈਂਟਾਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਸਿੱਖਣ ਦੀ ਸਮਰਥਾ ਵਿੱਚ ਵਾਧਾ ਹੋ ਸਕੇ।
Student
ਅਧਿਆਪਕਾਂ ਵੱਲੋਂ ਨਵੇਂ ਸ਼ੈਸ਼ਨ ਦੇ ਦਾਖਲਿਆਂ ਲਈ ਗੂਗਲ ਫਾਰਮਾਂ ਦੀ ਸਹਾਇਤਾ ਨਾਲ ਦਾਖ਼ਲੇ ਕੀਤੇ ਜਾ ਰਹੇ ਹਨ ਅਤੇ ਦਾਖਲਿਆਂ ਵਾਸਤੇ ਵੱਡੀ ਪੱਧਰ ’ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਮੁਹਈਆਂ ਕਰਵਾਉਣ ਲਈ ਘਰ ਘਰ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਵਿੱਚ ਕੋਈ ਕਮੀ ਨਾ ਆਵੇ।