
''ਫ਼ੋਰਸ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਨੇਕ ਅਤੇ ਈਮਾਨਦਾਰ ਪੁਲਿਸ ਅਫ਼ਸਰਾਂ ਦੀ ਜ਼ਰੂਰਤ ਹੈ''
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਟ ਵਲੋਂ ਤਿਆਰ ਕੀਤੀ ਗਈ ਕੋਟਕਪੂਰਾ ਗੋਲੀ ਕਾਂਡ ਦੀ ਰੀਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਰੱਦ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਪੰਥਕ ਜਥੇਬੰਦੀਆਂ ਅਤੇ ਪੀੜਤ ਪ੍ਰਵਾਰਾਂ ਨੇ 19 ਅਪ੍ਰੈਲ ਨੂੰ ਹਾਈ ਕੋਰਟ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦਸਿਆ ਕਿ ਬੀਤੇ ਦਿਨ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਸਾਂਝੇ ਤੌਰ ’ਤੇ ਇਹ ਫ਼ੈਸਲਾ ਕੀਤਾ ਗਿਆ ਕਿ ਹਾਈ ਕੋਰਟ ਦੇ ਇਸ ਹੁਕਮਾਂ ਵਿਰੁਧ ਜਨਤਕ ਲਾਮਬੰਦੀ ਕੀਤੀ ਜਾਵੇਗੀ ਅਤੇ ਪਹਿਲੇ ਪੜਾਅ ਵਿਚ ਹਾਈ ਕੋਰਟ ਦੇ ਬਾਹਰ 19 ਨੂੰ ਦੋ ਘੰਟੇ ਲਈ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
Sikh organizations
ਦਲ ਖ਼ਾਲਸਾ ਦਫ਼ਤਰ ਵਿਖੇ ਸਿੱਖ ਯੂਥ ਆਫ਼ ਪੰਜਾਬ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਮੰਡ ਨੇ ਕਿਹਾ ਕਿ ਹਾਈ ਕੋਰਟ ਦੇ ਇਸ ਫ਼ੈਸਲੇ ਨੇ ਪੀੜਤ ਪ੍ਰਵਾਰਾਂ ਅਤੇ ਸਿੱਖ ਕੌਮ ਅੰਦਰ ਜਾਗੀ ਇਨਸਾਫ਼ ਦੀ ਉਮੀਦ ਦਾ ਗਲਾ ਘੁੱਟਿਆ ਹੈ। ਸਿੱਟ ਦੇ ਇੰਚਾਰਜ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਉਤੇ ਪ੍ਰਤੀਕਰਮ ਦਿੰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜੋ ਕਿ ਭ੍ਰਿਸ਼ਟਾਚਾਰ ਅਤੇ ਜ਼ੁਲਮ ਕਰਨ ਲਈ ਬਦਨਾਮ ਹੈ, ਉਸ ਫ਼ੋਰਸ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਨੇਕ ਅਤੇ ਈਮਾਨਦਾਰ ਪੁਲਿਸ ਅਫ਼ਸਰਾਂ ਦੀ ਜ਼ਰੂਰਤ ਹੈ।
Kunwar Vijay Partap Singh
ਦਲ ਖ਼ਲਾਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਬੁਲਾਰੇ ਕੰਵਰਪਾਲ ਸਿੰਘ ਦੀ ਮੌਜੂਦਗੀ ਵਿਚ ਹੋਈ ਮੀਟਿੰਗ ਵਿਚ ਕਿਸਾਨ ਸੰਘਰਸ਼ ਬਾਰੇ ਵੀ ਵਿਚਾਰਾਂ ਹੋਈਆਂ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਫ਼ੈਸਲਾ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਮਈ ਮਹੀਨੇ ਵਿਚ ਪਾਰਲੀਮੈਂਟ ਦੇ ਘਿਰਾਉ ਦੇ ਪ੍ਰੋਗਰਾਮ ਵਿਚ ਜਥੇਬੰਦੀ ਦੇ ਨੌਜਵਾਨ ਵੱਧ ਚੜ੍ਹ ਕੇ ਹਿੱਸਾ ਲੈਣਗੇ। ਮੀਟਿੰਗ ਵਿਚ ਨੌਜਵਾਨ ਆਗੂ ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਖੁੱਡਾ, ਜਸਵਿੰਦਰ ਸਿੰਘ ਕਾਹਨੂੰਵਾਨ, ਮਾਨ ਸਿੰਘ, ਸੁਖਜਿੰਦਰ ਸਿੰਘ, ਜਸਪ੍ਰੀਤ ਸਿੰਘ ਹਾਜ਼ਰ ਸਨ।