
ਭਲਕੇ ਤੋਂ ਪੂਰੇ ਸੂਬੇ ਵਿਚ ਮੌਸਮ ਸਾਫ਼ ਹੋ ਜਾਵੇਗਾ
Punjab Weather News: ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਮੌਸਮ ਵਿਭਾਗ ਵਲੋਂ ਅੱਜ (ਸੋਮਵਾਰ) ਸੂਬੇ ਦੇ 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਇਨ੍ਹਾਂ ਜ਼ਿਲਿਆਂ 'ਚ ਕੁੱਝ ਥਾਵਾਂ 'ਤੇ ਬਿਜਲੀ ਵੀ ਗਰਜੇਗੀ।
ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ ਪਰ ਕਈ ਥਾਵਾਂ ਉਤੇ ਹਲਕੀ ਬੂੰਦਾ-ਬਾਂਦੀ ਹੋਈ ਹੈ। ਹਾਲਾਂਕਿ ਇਸ ਦੌਰਾਨ ਬੱਦਲ ਛਾਏ ਰਹਿਣਗੇ ਪਰ 4 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ 'ਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਇਸ ਦੇ ਨਾਲ ਹੀ ਭਲਕੇ ਤੋਂ ਪੂਰੇ ਸੂਬੇ ਵਿਚ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ 19 ਅਪ੍ਰੈਲ ਤਕ ਕੋਈ ਅਲਰਟ ਨਹੀਂ ਹੈ।
ਮੌਸਮ ਵਿਚ ਇਸ ਤਰ੍ਹਾਂ ਦੀ ਤਬਦੀਲੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਆਈ ਹੈ। ਜਨਵਰੀ ਤੋਂ ਹੁਣ ਤਕ ਮੌਸਮ ਚਾਰ ਵਾਰ ਬਦਲ ਚੁੱਕਾ ਹੈ। ਕੱਲ੍ਹ ਦੇ ਮੁਕਾਬਲੇ ਤਾਪਮਾਨ ਵਿਚ 3.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 3.8 ਡਿਗਰੀ ਘੱਟ ਹੈ। ਸੂਬੇ ਵਿਚ ਸੱਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ 33 ਡਿਗਰੀ ਦਰਜ ਕੀਤਾ ਗਿਆ। ਜਦਕਿ ਜਲੰਧਰ ਦਾ ਤਾਪਮਾਨ 29.1 ਡਿਗਰੀ ਦਰਜ ਕੀਤਾ ਗਿਆ। ਜੇਕਰ ਸੂਬੇ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਮੁਹਾਲੀ ਵਿਚ 31.4 ਡਿਗਰੀ, ਅੰਮ੍ਰਿਤਸਰ ਵਿਚ 30.3 ਅਤੇ ਲੁਧਿਆਣਾ ਵਿਚ 31.4 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਖਰਾਬ ਮੌਸਮ ਦੀ ਸਥਿਤੀ 'ਚ ਲੋਕਾਂ ਨੂੰ ਸਾਵਧਾਨੀ ਵਰਤਣੀ ਪਵੇਗੀ। ਕਿਸਾਨਾਂ ਨੂੰ ਵੱਢੀ ਹੋਈ ਫ਼ਸਲ ਨੂੰ ਸੁਰੱਖਿਅਤ ਥਾਂ 'ਤੇ ਰੱਖਣਾ ਹੋਵੇਗਾ। ਖੇਤਾਂ ਨੂੰ ਪਾਣੀ ਨਹੀਂ ਲਾਉਣਾ ਚਾਹੀਦਾ। ਇਸ ਦੇ ਨਾਲ ਹੀ ਲੋਕਾਂ ਨੂੰ ਅਜਿਹੀਆਂ ਇਮਾਰਤਾਂ ਜਾਂ ਢਾਂਚਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਜਿਨ੍ਹਾਂ ਦੇ ਡਿੱਗਣ ਦਾ ਖ਼ਤਰਾ ਹੈ।
(For more Punjabi news apart from Punjab Weather latest Punjabi News , stay tuned to Rozana Spokesman)