
ਨਗਰ ਕੌਂਸਲ, ਗੁਰਦਾਸਪੁਰ ਵਿਚ ਠੇਕੇ 'ਤੇ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ ਮ੍ਰਿਤਿਕ
Gurdaspur News : ਗੁਰਦਾਸਪੁਰ ਦੇ ਪੰਡੋਰੀ ਧਾਮ ਵਿਚ ਵਿਸਾਖੀ ਦੇ ਮੇਲੇ ਦੌਰਾਨ ਮੋਢੇ ਨਾਲ ਮੋਢਾ ਖਹਿਣ ਮਗਰੋਂ ਇੱਕ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਰਾਜੂ (30) ਪੁੱਤਰ ਭੀਮ ਨਰਾਇਣ ਜੋ ਮੂਲ ਰੂਪ 'ਚ ਮਥੁਰਾ ਦਾ ਰਹਿਣ ਵਾਲਾ ਸੀ ਤੇ ਇਸ ਵੇਲੇ ਪਿੰਡ ਝਰੋਲੀ ਵਿਖੇ ਰਹਿ ਰਿਹਾ ਸੀ। ਉਹ ਨਗਰ ਕੌਂਸਲ, ਗੁਰਦਾਸਪੁਰ ਵਿਚ ਠੇਕੇ 'ਤੇ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ।
ਮ੍ਰਿਤਕ ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਅਤੇ ਚਚੇਰੇ ਭਰਾਵਾਂ ਦੇ ਪਰਿਵਾਰਾਂ ਨਾਲ ਐਤਵਾਰ ਨੂੰ ਪੰਡੋਰੀ ਧਾਮ ਮੇਲਾ ਵੇਖਣ ਗਏ ਸਨ। ਸ਼ਾਮ ਵੇਲੇ ਮੇਲੇ ਵਿਚ ਉਨ੍ਹਾਂ ਨਾਲ ਮੌਜੂਦ ਇਕ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਨਾਲ ਮੋਢਾ ਵੱਜ ਗਿਆ। ਇਸ ਮਗਰੋਂ ਅੱਧਾ ਦਰਜਨ ਨੌਜਵਾਨਾਂ ਨੇ ਰਾਜੂ ਦੇ ਪਰਿਵਾਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਰਾਹੁਲ ਅਨੁਸਾਰ ਰਾਜੂ ਨੇ ਇਨ੍ਹਾਂ ਨੌਜਵਾਨਾਂ ਤੋਂ ਮੁਆਫ਼ੀ ਵੀ ਮੰਗੀ ਪਰ ਇਕ ਨੌਜਵਾਨ ਨੇ ਰਾਜੂ ਦੇ ਗਲੇ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਗੰਭੀਰ ਹਾਲਤ ਵਿਚ ਜ਼ਖ਼ਮੀ ਰਾਜੂ ਨੂੰ ਉਹ ਮੋਟਰਸਾਈਕਲ 'ਤੇ ਇਕ ਨਿੱਜੀ ਹਸਪਤਾਲ ਲੈ ਕੇ ਗਿਆ ,ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।
ਸਰਕਾਰੀ ਹਸਪਤਾਲ ਵਿੱਚੋਂ ਵੀ ਉਸ ਨੂੰ ਇਕ ਹੋਰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ,ਜਿੱਥੇ ਉਹ ਦਮ ਤੋੜ ਗਿਆ । ਦੂਜੇ ਪਾਸੇ ਪਤਾ ਲੱਗਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ।