
ਗੁਰੂ ਸਿੰਘ ਸਭਾ (ਰਜਿ.) ਸ੍ਰੀ ਅੰਮ੍ਰਿਤਸਰ ਸਮੂਹ ਸੁਖਮਨੀ ਸੁਸਾਇਟੀਆਂ,ਪੰਥਕ ਜਥੇਬੰਧੀਆਂ ਅਤੇ ਇਲਾਕਾ ਨਿਵਾਸੀਆਂ ਦੀ ਇਕ ਮੀਟਿੰਗ ਵੀਡੀਉ ਕਾਫ਼ਰੰਸਿੰਗ ਰਾਹੀ ਅੱਜ ਹੋਈ
ਅੰਮ੍ਰਿਤਸਰ, 14 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਗੁਰੂ ਸਿੰਘ ਸਭਾ (ਰਜਿ.) ਸ੍ਰੀ ਅੰਮ੍ਰਿਤਸਰ ਸਮੂਹ ਸੁਖਮਨੀ ਸੁਸਾਇਟੀਆਂ,ਪੰਥਕ ਜਥੇਬੰਧੀਆਂ ਅਤੇ ਇਲਾਕਾ ਨਿਵਾਸੀਆਂ ਦੀ ਇਕ ਮੀਟਿੰਗ ਵੀਡੀਉ ਕਾਫ਼ਰੰਸਿੰਗ ਰਾਹੀ ਅੱਜ ਹੋਈ, ਜਿਸ ਵਿਚ ਭਾਰਤ ਅਤੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਜਾਵੇ ਕਿ ਤਾਲਾਬੰਦੀ ਅਤੇ ਕਰਫ਼ਿਊ ਕਰ ਕੇ ਸੰਗਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਚਾਟੀਵਿੰਡ ਚੌਂਕ ਦੇ ਦਰਸ਼ਨਾਂ ਤੋਂ ਵਾਂਝੀ ਹੋਈ ਪਈ ਹੈ।
ਸਮਾਜ ਸੇਵੀ ਬਾਬਾ ਗੁਰਦੀਪਰ ਸਿੰਘ ਨੇ ਕਿਹਾ ਕਿ ਬਹੁਤ ਸਾਰੀ ਸੰਗਤ ਦੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾ ਹੋਣ ਕਰ ਕੇ ਉਹ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕ ਰਹੇ ਹਨ। ਸਾਰੀਆਂ ਸੰਸਥਾਵਾਂ ਵਾਲੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ ਕਿ ਘੱਟੋ-ਘੱਟ 3 ਘੰਟੇ ਸਵੇਰੇ 7 ਤੋਂ 10 ਵਜੇ ਤਕ ਅਤੇ ਸ਼ਾਮ 4 ਤੋਂ 7 ਵਜੇ ਤਕ ਇਹ ਗੁਰਧਾਮ ਸੰਗਤਾਂ ਦੇ ਦਰਸ਼ਨਾਂ ਲਈ ਖੋਲੇ ਜਾਣ।
ਜਿਵੇਂ ਬਾਹਰਲੇ ਸੂਬਿਆਂ ਨੂੰ ਜਾਣ ਵਾਲੀ ਲੇਬਰ ਦੀ ਰਜਿਸਟਰੇਸ਼ਨ ਹੋਈ ਹੈ, ਇਸੇ ਤਰ੍ਹਾਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਕੀਤੀ ਜਾਵੇ ਅਤੇ ਸੰਗਤ ਨੂੰ ਰਜਿਸਟਰੇਸ਼ਨ ਵੇਲੇ ਸਮਾਂ ਦੇ ਦਿਤਾ ਜਾਵੇ। 500—500 ਦੇ ਬੈਚ ਵਿਚ ਸੰਗਤ ਦਰਸ਼ਨ ਕਰਨ ਲਈ ਜਾਵੇ ਅਤੇ ਨਾਲ ਹੀ ਸੰਗਤ ਨੂੰ ਦਿਸ਼ਾ ਨਿਰਦੇਸ਼ ਦਿਤੇ ਜਾਣ ਕਿ ਕੋਈ ਵੀ ਸ਼ਰਧਾਲੂ ਦਰਸ਼ਨੀ ਡਿਊਢੀ ਤੋਂ ਸੱਚਖੰਡ ਤਕ ਤਿੰਨ ਲਾਈਨਾ ਬਣਾਈਆਂ ਜਾਣ ਅਤੇ ਚੋਥੀ ਲਾਈਨ ਸੀਨੀਅਰ ਸਿਟੀਜ਼ਨ ਵਾਸਤੇ 2 ਜੰਗਲਿਆਂ ਦੇ ਵਿਚ ਦੀ ਹੋਵੇ।
ਇਸ ਤਰ੍ਹਾਂ ਨਾਲ ਘੱਟੋ-ਘੱਟ 10 ਹਜ਼ਾਰ ਸੰਗਤ ਰੋਜ਼ ਦਰਸ਼ਨ ਕਰ ਸਕੇਗੀ ਅਤੇ ਨਾਲ ਹੀ ਕੋਵਿਡ-19 ਦੀ ਬੀਮਾਰੀ ਤੋਂ ਛੁਟਕਾਰਾ ਦਵਾਉਣ ਲਈ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰ ਸਕਿਆ ਕਰਨਗੀਆਂ। ਸੋਸ਼ਲ ਡਿਸਟੈਂਸਿੰਗ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਪਣੀ ਟਾਸਕ ਫੋਰਸ ਰਾਹੀ ਕੀਤਾ ਜਾਵੇਗਾ ਅਤੇ ਚਰਨ ਗੰਗਾ ਵਿਖੇ ਮੈਡੀਕਲ ਚੈਕਅਪ ਅਤੇ ਸੈਨੇਟਾਈਜਰ ਦਾ ਪ੍ਰਬੰਧ ਕੀਤਾ ਜਾਵੇ । ਇਸਦੇ ਨਾਲ ਹੀ ਦਰਸ਼ਨੀ ਡਿਊਢੀ ਵਿਖੇ ਸੈਨੇਟਾਈਜ਼ਰ ਦਾ ਪ੍ਰਬੰਧ ਹੋਵੇ।