
ਮਮਤਾ ਦੀ ਮੋਦੀ ਨੂੰ ਚਿੱਠੀ : ਆਕਸੀਜਨ ਪਲਾਂਟ ਨਿਰਪੱਖਤਾ ਨਾਲ ਅਲਾਟ ਕਰਨ ਦੀ ਕੀਤੀ ਅਪੀਲ
ਕੋਲਕਾਤਾ, 14 ਮਈ : ਕੋਵਿਡ-19 ਦੇ ਮਾਮਲਿਆਂ ’ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ। ਮਮਤਾ ਨੇ ਪੀ.ਐਮ. ਮੋਦੀ ਤੋਂ ਸੂਬੇ ਲਈ ਪੀ.ਐਸ.ਏ. ਆਕਸੀਜਨ ਪਲਾਂਟ ਦੀ ਨਿਰੱਖਤਾ ਅਤੇ ਅਤੇ ਤੁਰਤ ਅਲਾਟ ਕਰਵਾਏ ਜਾਣ ਦੀ ਅਪੀਲ ਕੀਤੀ। ਤਿ੍ਰਣਮੂਲ ਕਾਂਗਰਸ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਸੂਬੇ ਨੂੰ 70 ਪੀ.ਐਸ.ਏ. ਆਕਸੀਜਨ ਪਲਾਂਟ ਮਿਲਣ ਸਨ ਅਤੇ ਹੁਣ ਸੂਚਿਤ ਕੀਤਾ ਗਿਆ ਹੈ ਕਿ ਪਹਿਲੇ ਪੜਾਅ ’ਚ ਅਜਿਹੇ 4 ਹੀ ਪਲਾਂਟ ਦਿਤੇ ਜਾਣਗੇ। ਬੈਨਰਜੀ ਨੇ ਬਾਕੀ ਆਕਸੀਜਨ ਪਲਾਂਟਾਂ ਬਾਰੇ ਦਿਤੀ ਗਈ ਸੂਚਨਾ ’ਚ ਸਾਫ਼-ਸਾਫ਼ ਜਾਣਕਾਰੀ ਨਹੀਂ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ।
ਬੈਨਰਜੀ ਨੇ ਚਿੱਠੀ ’ਚ ਕਿਹਾ ਹੈ, ‘‘ਕੇਂਦਰ ਸੂਬਿਆਂ ’ਚ ਹਸਪਤਾਲਾਂ ਨੂੰ ਪੀ.ਐਸ.ਏ. ਪਲਾਂਟਾਂ ਦੀ ਸਪਲਾਈ ਕਰਨ ’ਤੇ ਵਿਚਾਰ ਕਰ ਰਿਹਾ ਹੈ। ਤਰਜੀਹਾਂ ’ਚ ਵਾਰ-ਵਾਰ ਤਬਦੀਲੀ ਹੋ ਰਹੀ ਹੈ, ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਰੁਖ ਵੀ ਬਦਲ ਰਿਹਾ ਹੈ, ਪਛਮੀ ਬੰਗਾਲ ਲਈ ਤੈਅ ਕੋਟੇ ’ਚ ਵੀ ਲਗਾਤਾਰ ਸੋਧ ਕਰ ਕੇ ਇਸ ਨੂੰ ਘੱਟ ਕੀਤਾ ਜਾ ਰਿਹਾ ਹੈ।’’ ਮੁੱਖ ਮੰਤਰੀ ਨੇ ਚਿੱਠੀ ’ਚ ਲਿਖਿਆ ਹੈ,‘‘ਸਾਨੂੰ ਦਸਿਆ ਗਿਆ ਸੀ ਕਿ ਸੂਬੇ ਨੂੰ 70 ਪੀ.ਐਸ.ਏ. ਪਲਾਂਟ ਦਿਤੇ ਜਾਣਗੇ। ਹੁਣ ਕਿਹਾ ਗਿਆ ਹੈ ਕਿ ਪਹਿਲੇ ਪੜਾਅ ’ਚ ਚਾਰ ਪਲਾਂਟ ਦਿਤੇ ਜਾਣਗੇ। ਬਾਕੀ ਪਲਾਂਟਾਂ ਨੂੰ ਲੈ ਕੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।’’
ਪੀ.ਐਸ.ਏ. ਪਲਾਂਟਾਂ ਤੋਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਬਿਹਤਰ ਹੋਵੇਗੀ।
ਬੈਨਰਜੀ ਨੇ ਕਿਹਾ,‘‘ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਪਹਿਲ ਦੇ ਨਾਲ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਅਤੇ ਉੱਚਿਤ, ਪਾਰਦਰਸ਼ੀ ਅਤੇ ਨਿਰਪੱਖਤਾ ਨਾਲ ਕੋਟਾ ਤੈਅ ਕਰੇ। ਦਿੱਲੀ ’ਚ ਦੁਵਿਧਾ ਦੀ ਸਥਿਤੀ ਕਾਰਨ ਸੂਬੇ ਦੀਆਂ ਏਜੰਸੀਆਂ ਵਲੋਂ ਪੀ.ਐਸ.ਏ. ਪਲਾਂਟ ਲਗਾਉਣ ਦੀਆਂ ਪੂਰੀਆਂ ਯੋਜਨਾਵਾਂ ’ਤੇ ਵੀ ਅਸਰ ਪੈ ਰਿਹਾ ਹੈ।’’ (ਏਜੰਸੀ)