
ਹੁਣ ਮੰਤਰੀਆਂ ਤੇ ਪਾਰਟੀ 'ਚੋਂ ਨਵਜੋਤ ਸਿੰਘ ਸਿੱਧੂ ਵਿਰੁਧ ਕਾਰਵਾਈ ਲਈ ਹਾਈ ਕਮਾਨ 'ਤੇ ਦਬਾਅ ਵਧਣ ਲੱਗਾ
ਕੈਪਟਨ ਅਪਣੀ ਸਿਆਸੀ ਸੂਝ-ਬੂਝ ਨਾਲ ਬਹੁਤ ਵਿਧਾਇਕਾਂ ਨੂੰ ਸ਼ਾਂਤ ਕਰਨ 'ਚ ਹੋਏ ਸਫ਼ਲ
ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ) : ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੈਪਟਨ ਸਰਕਾਰ ਅੰਦਰ ਛੇਤੀ ਨਿਆਂ ਦੀ ਮੰਗ ਨੂੰ ਲੈ ਕੇ ਪੈਦਾ ਹੋਈ ਹਿਲਜੁਲ ਹੁਣ ਇਕ ਵਾਰ ਸ਼ਾਂਤ ਹੋ ਗਈ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਮਲੇ ਨੂੰ ਖ਼ੁਦ ਸੰਭਾਲਣ ਲਈ ਕੀਤੀ ਕੋਸ਼ਿਸ਼ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ 'ਚ ਉਠ ਰਹੀਆਂ ਕੁੱਝ ਬਾਗੀ ਸੁਰਾਂ ਨਰਮ ਪੈ ਗਈਆਂ ਹਨ | ਮੁੱਖ ਮੰਤਰੀ ਨੇ ਖ਼ੁਦ ਫ਼ੋਨ ਕਰ ਕੇ ਬਹੁਤੇ ਵਿਧਾਇਕਾਂ ਦੀਆਂ ਨਾਰਾਜ਼ਗੀਆਂ ਦੂਰ ਕਰਨ ਦਾ ਯਤਨ ਕੀਤਾ ਹੈ ਜਦਕਿ ਪਹਿਲਾਂ ਮੰਤਰੀ ਤੇ ਵਿਧਾਇਕ ਖੁਲ੍ਹ ਕੇ ਨਹੀਂ ਸਨ ਬੋਲ ਰਹੇ ਪਰ ਹੁਣ ਮੰਤਰੀ ਤੇ ਵਿਧਾਇਕ ਖੁਲ੍ਹ ਕੇ ਕੈਪਟਨ ਨਾਲ ਖੜੇ ਹੋ ਰਹੇ ਹਨ | ਇਸ ਨਾਲ ਨਵਜੋਤ ਸਿੱਧੂ ਦੀ ਮੁਹਿੰਮ ਇਕ ਵਾਰ ਕਮਜ਼ੋਰ ਹੁੰਦੀ ਦਿਖਦੀ ਹੈ, ਜਦਕਿ ਪਿਛਲੇ ਕੁੱਝ ਦਿਨਾਂ 'ਚ ਕਈ ਵਿਧਾਇਕ ਤੇ ਪਾਰਟੀ ਆਗੂ ਸਿੱਧੂ ਨਾਲ ਜੁੜਨ ਲੱਗੇ ਸਨ |
10 ਦੇ ਕਰੀਬ ਮੰਤਰੀ ਹੁਣ ਖੁਲ੍ਹ ਕੇ ਕੈਪਟਨ ਦੇ ਸਮਰਥਨ 'ਚ ਹੀ ਨਹੀਂ ਆਏ ਬਲਕਿ ਨਵਜੋਤ ਸਿੱਧੂ ਵਲੋਂ ਹਰ ਰੋਜ਼ ਮੁੱਖ ਮੰਤਰੀ ਵਿਰੁਧ ਕੀਤੀਆਂ ਜਾ ਰਹੀਆਂ
ਟਿਪਣੀਆਂ ਨੂੰ ਲੈ ਕੇ ਹਾਈਕਮਾਨ ਤੋਂ ਸਿੱਧੂ ਵਿਰੁਧ ਕਾਰਵਾਈ ਦੀ ਮੰਗ ਕਰ ਚੁੱਕੇ ਹਨ |
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਪ੍ਰਮੁੱਖ ਆਗੂ ਵੀ ਕੈਪਟਨ ਦੇ ਸਮਰਥਨ 'ਤੇ ਹਨ ਅਤੇ ਹੁਣ ਪੰਜਾਬ ਕਾਂਗਰਸ 'ਚੋਂ ਵੀ ਸਿੱਧੂ ਵਿਰੁਧ ਕਾਰਵਾਈ ਲਈ ਹਾਈ ਕਮਾਨ 'ਤੇ ਦਬਾਅ ਵਧ ਰਿਹਾ ਹੈ | ਪੰਜਾਬ ਕਾਂਗਰਸ ਵਲੋਂ ਹਰ ਰੋਜ਼ ਸਿੱਧੂ ਦੀਆਂ ਟਿਪਣੀਆਂ ਦੀ ਰੀਪੋਰਟ ਹਾਈ ਕਮਾਨ ਦੀ ਵੀ ਸਾਰੀ ਸਥਿਤੀ 'ਤੇ ਨਜ਼ਰ ਹੈ ਅਤੇ ਉਹ ਕਿਸੇ ਸਮੇਂ ਵੀ ਦਖ਼ਲ ਦੇ ਕੇ ਪੰਜਾਬ ਕਾਂਗਰਸ ਦੀ ਸਥਿਤੀ ਨੂੰ ਲੈ ਕੇ ਕੋਈ ਵੱਡਾ ਫ਼ੈਸਲਾ ਸੁਣਾ ਸਕਦੀ ਹੈ | ਇਸ ਲਈ ਸੱਭ ਕਾਂਗਰਸੀਆਂ ਦੀਆਂ ਨਜ਼ਰਾਂ ਵੀ ਹੁਣ ਪਾਰਟੀ ਹਾਈ ਕਮਾਨ ਵਲ ਹਨ |
ਉਧਰ ਨਵੀਂ ਸਿੱਟ ਵਲੋਂ ਜਾਂਚ ਵੀ ਤੇਜ਼ ਕਰ ਦਿਤੀ ਗਈ ਹੈ ਕਿਉਂਕਿ ਸਰਕਾਰ ਤੇ ਪਾਰਟੀ ਅੰਦਰ ਨਾਰਾਜ਼ਗੀਆਂ ਦੀ ਸਥਿਤੀ ਹਾਈ ਕੋਰਟ ਦੇ ਫ਼ੈਸਲੇ ਬਾਅਦ ਕੋਟਕਪੂਰਾ ਗੋਲੀਕਾਂਡ ਦੇ ਨਿਆਂ ਦੇ ਮੁੱਦੇ ਨੂੰ ਹੀ ਲੈ ਕੇ ਬਣੀ ਸੀ | ਭਾਵੇਂ ਕਿ ਇਕ ਵਾਰ ਕੈਪਟਨ ਨੇ ਅਪਣੀ ਸਿਆਸੀ ਸੂਝ-ਬੂਝ ਨਾਲ ਸਥਿਤੀ ਕਾਬੂ ਕਰ ਲਈ ਹੈ |