
ਜਾਖੜ ਦੇ ਬਿਆਨ ਤੇ ਭੜਕੇ ਹਰੀਸ਼ ਰਾਵਤ ਕਿਹਾ, ਪਾਰਟੀ ਛੱਡਣ ਨਾਲੋਂ ਵਧ ਨੁਕਸਾਨ ਕਾਂਗਰਸ
ਨੂੰ ਪੰਜਾਬ ਚੋਣਾਂ ਸਮੇਂ ਜਾਖੜ ਦੇ ਵਤੀਰੇ ਕਾਰਨ ਹੋਇਆ
ਚੰਡੀਗੜ੍ਹ, 14 ਮਈ (ਭੁੱਲਰ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਅੱਜ ਪਾਰਟੀ ਛੱਡਣ ਦੇ ਐਲਾਨ ਸਮੇਂ ਪੰਜਾਬ ਦੇ ਸਾਬਕਾ ਪਾਰਟੀ ਇੰਚਾਰਜ ਰਹੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਉਪਰ ਲਾਏ ਦੋਸ਼ਾਂ ਕਾਰਨ ਉਹ ਭੜਕ ਉਠੇ ਹਨ | ਜਾਖੜ ਦੇ ਦੋਸ਼ਾਂ 'ਤੇ ਪ੍ਰਤੀਕਰਮ ਵਿਚ ਰਾਵਤ ਨੇ ਕਿਹਾ ਕਿ ਜਾਖੜ ਦੇ ਅੱਜ ਪਾਰਟੀ ਛੱਡਣ ਨਾਲ ਕਾਂਗਰਸ ਨੂੰ ਉਨਾ ਨੁਕਸਾਨ ਨਹੀਂ ਹੋਇਆ ਜਿੰਨਾ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਦੇ ਵਿਵਹਾਰ ਕਾਰਨ ਹੋਇਆ ਹੈ | ਜ਼ਿਕਰਯੋਗ ਹੈ ਕਿ ਜਾਖੜ ਨੇ ਪੰਜਾਬ ਕਾਂਗਰਸ ਦੀ ਹੋਈ ਦੁਰਦਸ਼ਾ ਲਈ ਰਾਵਤ ਨੂੰ ਵੀ ਵੱਡਾ ਜ਼ਿੰਮੇਵਾਰ ਦਸਿਆ ਹੈ |
ਰਾਵਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਜਾਖੜ ਨੂੰ ਬਹੁਤ ਕੁੱਝ ਦਿਤਾ | ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ | ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਵੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਤੇ ਟਿਕਟਾਂ ਦੇਣ ਵਾਲੀ ਕਮੇਟੀ ਦਾ ਮੈਂਬਰ ਬਣਾਇਆ ਸੀ | ਉਨ੍ਹਾਂ ਕਿਹਾ ਕਿ ਜਾਖੜ ਨੂੰ ਚਾਹੀਦਾ ਸੀ ਕਿ ਉਹ ਇਸ ਸੰਕਟ ਦੇ ਸਮੇਂ ਪਾਰਟੀ ਨਾਲ ਖੜਦੇ | ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਲਈ ਪ੍ਰੀਖਿਆ ਦੀ ਘੜੀ ਹੋਵੇ ਤਾਂ ਉਸ ਸਮੇਂ ਸਾਥ ਛੱਡ ਕੇ ਭੱਜਣਾ ਨਹੀਂ ਚਾਹੀਦਾ | ਰਾਵਤ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਕਾਂਗਰਸ ਬਾਰੇ ਜੋ ਫ਼ੈਸਲੇ ਹੋਏ ਹਨ ਉਨ੍ਹਾਂ ਸੱਭ ਵਿਚ ਜਾਖੜ ਦੀ ਸਲਾਹ ਵੀ ਲਈ ਜਾਂਦੀ ਸੀ |