
ਧਾਲੀਵਾਲ ਨੇ ਸੁਖਪਾਲ ਖਹਿਰਾ ਨੂੰ ਦਿੱਤੀ ਚੁਣੌਤੀ
ਚੰਡੀਗੜ੍ਹ - ਪੰਜਾਬ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਨੂੰ ਲੈ ਕੇ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ 'ਆਪ' ਸਰਕਾਰ ਛੋਟੇ ਅਤੇ ਬੇਜ਼ਮੀਨੇ ਕਿਸਾਨਾਂ ਤੋਂ ਕਬਜ਼ੇ ਛੁਡਵਾ ਰਹੀ ਹੈ ਪਰ ਤਾਕਤਵਰ ਲੋਕਾਂ ਅਤੇ ਵੱਡੇ ਅਫਸਰਾਂ ਤੋਂ 'ਆਪ' ਕਬਜ਼ੇ ਛੁਡਵਾ ਕੇ ਦਿਖਾਵੇ। ਖਹਿਰਾ ਨੇ ਪੀੜਤਾਂ ਨੂੰ ਮੋਹਾਲੀ 'ਚ ਇਕੱਠੇ ਹੋਣ ਲਈ ਕਿਹਾ। ਇਹ ਸੁਣ ਕੇ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਭੜਕ ਗਏ। ਉਨ੍ਹਾਂ ਖਹਿਰਾ ਨੂੰ ਮੋਹਾਲੀ 'ਤੇ ਕਬਜ਼ਾ ਕਰਨ ਵਾਲਿਆਂ ਦੇ ਨਾਂ ਦੱਸਣ ਦੀ ਚੁਣੌਤੀ ਦਿੱਤੀ। ਇਨ੍ਹਾਂ ਵਿਚੋਂ ਬਹੁਤੇ ਕਾਂਗਰਸੀ ਹਨ।
Kuldeep Dhaliwal
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੇਰੀ ਚੁਣੌਤੀ ਹੈ ਕਿ ਖਹਿਰਾ ਇਕ ਵੀ ਜਗ੍ਹਾ ਦੱਸਣ ਕਿ ਅਸੀਂ ਜ਼ਮੀਨ 'ਤੇ ਜਬਰੀ ਕਬਜ਼ਾ ਕੀਤਾ ਹੈ। ਖਹਿਰਾ ਕਹਿ ਰਹੇ ਹਨ ਕਿ ਮੋਹਾਲੀ ਵਿਚ ਕਬਜ਼ਾ ਹੋਇਆ ਹੈ। ਖਹਿਰਾ ਵੀ ਕਾਂਗਰਸ ਵਿਚ ਹਨ, ਉਥੇ ਕਾਂਗਰਸੀਆਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਜਲਦ ਹੀ ਉਹਨਾਂ ਕਾਂਗਰਸੀਆਂ ਦੇ ਨਾਮ ਸਾਹਮਣੇ ਆ ਜਾਣਗੇ। ਧਾਲੀਵਾਲ ਨੇ ਕਿਹਾ ਕਿ ਖਹਿਰਾ ਦੱਸਣ ਕਿ ਉਹ ਕਾਂਗਰਸੀਆਂ ਨਾਲ ਹਨ ਜਾਂ ਪੰਜਾਬ ਨਾਲ। ਉਨ੍ਹਾਂ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋ ਰਿਹਾ। ਅਧਿਕਾਰੀਆਂ ਦਾ ਰਿਕਾਰਡ ਚੈੱਕ ਕਰਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਖਹਿਰਾ ਉਨ੍ਹਾਂ ਕਾਂਗਰਸੀਆਂ ਦੇ ਨਾਂ ਦੱਸਣ।
Sukhpal Singh Khaira
ਖਹਿਰਾ ਨੇ ਕਿਹਾ ਕਿ ਮੰਤਰੀ ਕੁਲਦੀਪ ਧਾਲੀਵਾਲ ਹੈਰਾਨ ਰਹਿ ਗਏ ਕਿਉਂਕਿ ਮੈਂ ਕਿਹਾ ਕਿ ਹਾਈਕੋਰਟ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਕੁਲਦੀਪ ਸਿੰਘ ਨੂੰ ਕਮਿਸ਼ਨ ਦਿੱਤਾ ਸੀ। ਇਸ ਦੀ ਸਬ-ਕਮੇਟੀ ਏਡੀਜੀਪੀ ਚੰਦਰਸ਼ੇਖਰ ਦੀ ਅਗਵਾਈ ਵਿਚ ਬਣਾਈ ਗਈ ਸੀ। ਉਨ੍ਹਾਂ ਮੁਹਾਲੀ ਵਿਚ 50 ਹਜ਼ਾਰ ਏਕੜ ਜ਼ਮੀਨ ’ਤੇ ਕਬਜ਼ੇ ਬਾਰੇ ਦੱਸਿਆ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਕਈ ਲੋਕਾਂ ਦੇ ਨਾਂ ਸ਼ਾਮਲ ਹਨ। ਮੈਂ ਕਿਹਾ ਸੀ ਕਿ ਛੋਟੇ ਕਿਸਾਨਾਂ ਅਤੇ ਦਲਿਤ ਪਰਿਵਾਰਾਂ ਨੂੰ ਛੱਡ ਕੇ ਪਹਿਲਾਂ ਅਮੀਰਾਂ ਅਤੇ ਤਾਕਤਵਰਾਂ ਤੋਂ ਜ਼ਮੀਨਾਂ ਛੁਡਾਓ। 40-50 ਗੰਨਮੈਨ ਲੈ ਕੇ ਹੋਰਾਂ ਨਾਲ ਝਗੜਾ ਨਾ ਕਰੋ। ਅਗਲੇ ਐਤਵਾਰ 11 ਵਜੇ ਪੀੜਤ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਪਹੁੰਚਣ।