
ਇਤਿਹਾਸ ਵਿਚ ਪਹਿਲੀ ਵਾਰ ਸੱਭ ਤੋਂ ਵੱਧ ਲੰਮਾ ਹੋਵੇਗਾ ਬਜਟ ਸੈਸ਼ਨ : ਸਪੀਕਰ
ਮਾਂ ਬੋਲੀ ਪੰਜਾਬੀ ਨੂੰ ਰੋਜ਼ਗਾਰ ਦੀ ਬੋਲੀ ਬਣਾਉਣ ਲਈ ਕੰਮ ਕੀਤਾ ਜਾ ਰਿਹੈ
ਮੋਗਾ, 14 ਮਈ (ਦਲੀਪ ਕੁਮਾਰ /ਦਵਿੰਦਰ ਸਿੰਘ): ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਚਨਬੱਧਤਾ ਪ੍ਰਗਟਾਈ ਹੈ ਕਿ ਵਿਧਾਨ ਸਭਾ ਵਿਚ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਸੱਭ ਤੋਂ ਵੱਧ ਪਹਿਲ ਦਿਤੀ ਜਾਂਦੀ ਰਹੇਗੀ | ਉਹ ਅੱਜ ਇਥੇ ਵੱਖ ਵੱਖ ਸਮਾਜਕ ਅਤੇ ਧਾਰਮਕ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਸਨ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੱਭ ਤੋਂ ਲੰਮਾ ਸੈਸ਼ਨ ਹੋਵੇਗਾ ਜਿਸ ਵਿਚ ਲੋਕਾਂ ਦੀ ਇੱਛਾ ਮੁਤਾਬਕ ਬਜਟ ਨੂੰ ਪੇਸ਼ ਕੀਤਾ ਜਾਵੇਗਾ | ਪਹਿਲਾਂ ਇਹ ਸੈਸ਼ਨ ਇਕ ਦੋ ਦਿਨ ਦਾ ਹੁੰਦਾ ਸੀ ਪਰ ਹੁਣ ਇਹ ਘੱਟੋ ਘੱਟ ਦਸ ਦਿਨ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਬਜਟ ਨਾਲ ਲੋਕਾਂ ਦੀ ਆਰਥਕਤਾ ਅਤੇ ਜੀਵਨ ਸ਼ੈਲੀ ਨੂੰ ਬਹੁਤ ਵੱਡਾ ਫ਼ਰਕ ਪੈਂਦਾ ਹੈ | ਬਜਟ ਨਾਲ ਲੋਕਾਂ ਦੀਆਂ ਇੱਛਾਵਾਂ ਜੁੜੀਆਂ ਹੁੰਦੀਆਂ ਹਨ | ਜਿਨ੍ਹਾਂ ਉਤੇ ਖੁਲ੍ਹ ਕੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ | ਇਸੇ ਕਰ ਕੇ ਹੀ ਇਸ ਵਾਰ ਪੰਜਾਬ ਸਰਕਾਰ ਨੇ ਲੋਕਾਂ ਦੀ ਇੱਛਾ ਅਨੁਸਾਰ ਬਜਟ ਤਿਆਰ ਕਰਨ ਲਈ ਲੋਕਾਂ ਦੀ ਰਾਏ ਮੰਗੀ ਹੈ | ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਮਹੱਤਤਾ ਦਿਤੀ ਜਾਵੇਗੀ | ਸਾਡੀ ਮਾਂ ਬੋਲੀ ਪੰਜਾਬੀ ਨੂੰ ਰੋਜ਼ਗਾਰ ਦੀ ਬੋਲੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਕੰਮ ਸੇਵਾ ਹੈ | ਲੋਕਾਂ ਦੇ ਪਿਆਰ ਅਤੇ ਸਹਿਯੋਗ ਸਦਕਾ ਇਹ ਸੇਵਾ ਨਿਰੰਤਰ ਜਾਰੀ ਰਹੇਗੀ | ਪੰਜਾਬ ਸਰਕਾਰ ਵਲੋਂ ਸੂਬੇ ਦਾ ਖ਼ਜ਼ਾਨਾ ਭਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਚੋਣ ਵਾਅਦੇ ਪੂਰੇ ਕਰਨ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿਵੇਂ ਦਿੱਲੀ ਵਿਚ ਅਪਣੇ ਵਾਅਦੇ ਪੂਰੇ ਕੀਤੇ ਹਨ ਉਸੇ ਤਰਜ਼ ਉਤੇ ਹੀ ਪੰਜਾਬ ਵਾਸੀਆਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ |
ਰਸੂਖ਼ਦਾਰ ਲੋਕਾਂ ਅਤੇ ਜੇਲਾਂ ਵਿਚੋਂ ਵੀ ਆਈ ਪੀ ਕਲਚਰ ਖ਼ਤਮ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ
ਉਤੇ ਕੋਈ ਸ਼ੱਕ ਨਹੀਂ ਹੋਣੀ ਚਾਹੀਦਾ | ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦਿ੍ੜਤਾ ਹੈ ਕਿ ਇਹ ਕਲਚਰ ਜਲਦ ਖ਼ਤਮ ਕੀਤਾ ਜਾਵੇਗਾ | ਇਕ ਧਾਰਮਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਸਾਨੂੰ ਅਪਣੇ ਅਮੀਰ ਵਿਰਸੇ, ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੰਘ ਸੂਰਮਿਆਂ ਦੀ ਲਾਸਾਨੀ ਕੁਰਬਾਨੀ ਉਤੇ ਮਾਣ ਹੋਣਾ ਚਾਹੀਦਾ ਹੈ | ਇਕ ਸਮਾਜਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦੇ ਉਥਾਨ ਵਿਚ ਗ਼ੈਰ ਸਰਕਾਰੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਉਨ੍ਹਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਕ ਜ਼ਿੰਮੇਵਾਰੀ ਸਮਝਦਿਆਂ ਅਪਣਾ ਇਹ ਯੋਗਦਾਨ ਜਾਰੀ ਰੱਖਣ | ਇਸ ਦੌਰਾਨ ਉਨ੍ਹਾਂ ਨੇ ਪ੍ਰਸਿੱਧ ਵੈਟਰਨ ਪੱਤਰਕਾਰ ਸ. ਅਮਰ ਸਿੰਘ ਧੀਮਾਨ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਦੇ ਦੇਹਾਂਤ ਉੱਤੇ ਅਪਣਾ ਦੁੱਖ ਪ੍ਰਗਟ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਸ੍ਰੀਮਤੀ ਅਮਨਦੀਪ ਕੌਰ ਅਰੋੜਾ, ਵਿਧਾਇਕ ਸ. ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ, ਸਮਾਜ ਸੇਵੀ ਕਿ੍ਸ਼ਨ ਸੂਦ, ਸ. ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਅਤੇ ਹੋਰ ਕਈ ਨਾਮੀ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
14 4