
ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਬੰਧੀ ਸੁਝਾਅ ਦੇਣ ਲਈ......
ਐਸ.ਏ.ਐਸ. ਨਗਰ, : ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਬੰਧੀ ਸੁਝਾਅ ਦੇਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਪਾਸੋਂ ਲਿਖਿਤ ਸੁਝਾਵਾਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਸਕੱਤਰ ਸਕੂਲ ਸਿਖਿਆ ਪੰਜਾਬ ਵੱਲੋਂ ਪੰਜਾਬ ਦੇ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੁਝਾਅ ਦੇਣ ਬਾਰੇ ਕਿਹਾ ਗਿਆ ਜਿਨ੍ਹਾਂ ਦੇ ਪਿਛਲੇ ਸਾਲਾਂ ਦੇ ਨਤੀਜੇ ਸ਼ਤ-ਪ੍ਰਤੀਸ਼ਤ ਰਹੇ ਹਨ।
ਇਹ ਸੁਝਾਅ ਖੇਤਰ 'ਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਅਫ਼ਸਰਾਂ, ਸਕੂਲ ਪ੍ਰਿੰਸੀਪਲਾਂ ਦੀ ਫੀਡ ਬੈਂਕ ਅਨੁਸਾਰ ਹਨ। ਸੁਝਾਵਾਂ ਤਹਿਤ ਸਕੂਲਾਂ ਦੇ ਸਰੰਚਨਾਤਮਿਕ ਵਿਕਾਸ ਜਿਸ ਵਿੱਚ ਹਰ ਜਮਾਤ ਲਈ ਅਲੱਗ ਕਮਰਾ, ਬਿਜਲੀ ਤੇ ਪਾਣੀ ਦੀ ਸਹੂਲਤ ਲਾਜ਼ਮੀ, ਲਾਇਬ੍ਰੇਰੀ, ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਮੁੰਡਿਆਂ-ਕੁੜੀਆਂ ਲਈ ਵੱਖ-ਵੱਖ ਪਖਾਨੇ, ਪੰਚਾਇਤਾਂ ਦਾ ਬਣਦਾ ਯੋਗਦਾਨ, ਸਕੂਲਾਂ ਵਿੱਚ ਵਿਦਿਆਰਥੀਆਂ ਦੀ ਐਨਰੋਲਮੈਂਟ ਵਧਾਉਣ ਲਈ ਅਧਿਆਪਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਯੋਗਦਾਨ ਬਾਰੇ ਸੁਝਾਅ ਦਿਤੇ ਜਾਣ ਦੀ ਗੱਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸਿੱਖਣ ਪੱਧਰ ਲਈ ਚਲ ਰਹੇ ਗੁਣਾਤਮਿਕ ਸਿੱਖਿਆ ਦੇ ਪ੍ਰੋਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਸੁਚਾਰੂ ਗਤੀਵਿਧੀਆਂ, ਮਾਨਿਟਰਿੰਗ ਪ੍ਰਣਾਲੀ, ਪ੍ਰਾਜੈਕਟ ਵਿੱਚ ਕੰਮ ਕਰ ਰਹੇ ਸਿਖਲਾਈ ਪ੍ਰਾਪਤ ਸਟਾਫ਼ ਦੀ ਨਿਰੰਤਰ ਸੇਵਾਵਾਂ ਲੈਂਣ ਲਈ ਵੀ ਵਿਚਾਰ ਦਿੱਤੇ ਗਏ ਹਨ। ਹੋਰ ਵੀ ਬਹੁਤ ਸਾਰੇ ਸੁਝਾਅ ਇਨ੍ਹਾਂ ਵਿਚ ਸ਼ਾਮਲ ਹਨ।
ਅਧਿਆਪਕ ਸਿਖਲਾਈ ਪ੍ਰੋਗਰਾਮਾਂ ਨੂੰ ਸਮੇਂ ਦੀ ਲੋੜ ਅਨੁਸਾਰ ਤਿਆਰ ਕਰਕੇ ਸਮੇਂ-ਸਮੇਂ 'ਤੇ ਓਰੀਐੱਟੇਸ਼ਨ ਪ੍ਰੋਗਰਾਮ ਚਲਾਏ ਜਾਣੇ ਜਰੂਰੀ ਦੱਸੇ ਗਏ ਹਨ। ਇਸ ਤੋਂ ਇਲਾਵਾ ਡਾਇਟਾਂ ਦੀ ਭਾਗੀਦਾਰ ਅਤੇ ਇਹਨਾਂ ਦਾ ਕੰਟਰੋਲ, ਵੱਖ-ਵੱਖ ਵਿਭਾਗਾਂ ਦਾ ਕੋਆਰਡੀਨੇਸ਼ਨ, ਮੀਡੀਆ ਸੈੱਲ, ਐਕਸ਼ਨ ਰਿਸਰਚ ਸੈੱਲ, ਸਰਕਾਰੀ ਕਰਮਚਾਰੀਆਂ ਦੇ ਨਿਯਮਾਂ ਵਿਚ ਸੋਧਾਂ ਅਤੇ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਸਬੰਧੀ ਵੀ ਪ੍ਰਿੰਸੀਪਲਾਂ ਨੇ ਸੁਝਾਅ ਦਿਤੇ।