
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੇਤੁਕੇ ਬਿਆਨ ਦੇਣ ਲਈ......
ਚੰਡੀਗੜ੍ਹ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੇਤੁਕੇ ਬਿਆਨ ਦੇਣ ਲਈ ਤਾੜਿਆ ਹੈ। ਉਨ੍ਹਾਂ ਜੇਲ ਮੰਤਰੀ ਨੂੰ ਕਿਹਾ ਕਿ ਭਵਿੱਖ ਵਿਚ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ ਜਿਸ ਨਾਲ ਪੁਲਿਸ ਦੇ ਅਕਸ 'ਤੇ ਸਵਾਲ ਖੜੇ ਹੋਣ ਲੱਗ ਪੈਣ। ਮੁੱਖ ਮੰਤਰੀ ਨੇ ਸੁਖਜਿੰਦਰ ਰੰਧਾਵਾ ਦੇ ਉਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ ਜਿਸ ਵਿਚ ਉਨ੍ਹਾਂ ਨੇ ਜੇਲਾਂ ਵਿਚ ਬੰਦ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸੂਚਨਾ ਦਿਤੀ ਹੈ।
ਉਨ੍ਹਾਂ ਨੇ ਪੁਲਿਸ ਮੁਖੀ ਸੁਰੇਸ਼ ਅਰੋੜਾ 'ਤੇ ਵੀ ਸ਼ਿਕਾਇਤ ਦੇਣ ਦੇ ਬਾਵਜੂਦ ਚੁੱਪ ਵੱਟੀ ਰਖਣ ਦਾ ਦੋਸ਼ ਲਾਏ ਸਨ। ਮੁੱਖ ਮੰਤਰੀ ਨੇ ਰੰਧਾਵਾ ਨੂੰ ਕਿਹਾ ਕਿ ਗਰਮ ਖ਼ਿਆਲੀ ਜਾਂ ਖ਼ਾਲਿਸਤਾਨੀਆਂ ਵਲੋਂ ਉਨ੍ਹਾਂ (ਕੈਪਟਨ) ਨੂੰ ਧਮਕੀਆਂ ਦੇਣ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਸੂਚਨਾ ਸਾਂਝੀ ਕਰਨ ਤੋਂ ਆਮ ਲੋਕਾਂ ਵਿਚ ਇਹ ਪ੍ਰਭਾਵ ਜਾਣ ਦਾ ਖ਼ਦਸ਼ਾ ਬਣਦਾ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਘਬਰਾ ਗਏ ਹਨ। ਮੁੱਖ ਮੰਤਰੀ ਨੇ ਭਵਿੱਖ ਵਿਚ ਪੁਲਿਸ ਬਾਰੇ ਵੀ ਨਾਪਤੋਲ ਕੇ ਸ਼ਬਦਾਵਲੀ ਵਰਤਣ ਦੀ ਨਸੀਹਤ ਦਿਤੀ ਹੈ।
Sukhjinder Singh Randhawa
ਸਹਿਕਾਰਤਾ ਮੰਤਰੀ ਨੇ ਬੀਤੇ ਕਲ ਕਿਹਾ ਸੀ ਕਿ ਉਨ੍ਹਾਂ ਨੂੰ ਜੇਲਾਂ ਵਿਚੋਂ ਧਮਕੀਆਂ ਦੇ ਲਗਭਗ 20 ਫ਼ੋਨ ਆ ਚੁੱਕੇ ਹਨ ਅਤੇ ਇਸ ਦੀ ਜਾਣਕਾਰੀ ਪੁਲਿਸ ਮੁਖੀ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਦਿਤੀ ਜਾਂਦੀ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਤਾਂ ਇਹ ਵੀ ਕਹਿ ਦਿਤਾ ਸੀ ਕਿ ਜੇਲਾਂ ਵਿਚ ਬੰਦ ਗੈਂਗਸਟਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀਆਂ ਦੇ ਰਹੇ ਹਨ। ਰੰਧਾਵਾ ਤਾਂ ਇਥੋਂ ਤਕ ਚਲੇ ਗਏ ਕਿ ਖ਼ਾਲਿਸਤਾਨੀਆਂ ਤੇ ਗੈਂਗਸਟਰਾਂ ਵਲੋਂ ਧਮਕੀਆਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਏਕੇ 47 ਨਾਲ ਲੈਸ ਗੰਨਮੈਨ ਨਹੀਂ ਦਿਤਾ ਗਿਆ ਜਦਕਿ ਕਈ ਅਕਾਲੀ ਨੇਤਾ ਸੰਘਣੀ ਸੁਰੱਖਿਆ ਛਤਰੀ ਲੈ ਕੇ ਬੈਠੇ ਹਨ।
ਦੂਜੇ ਪਾਸੇ ਡਾਇਰੈਕਟਰ ਜਨਰਲ ਪੁਲਿਸ ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਮੁਤਾਬਕ ਬਣਦੀ ਸੁਰੱਖਿਆ ਦਿਤੀ ਗਈ ਹੈ। ਅਰੋੜਾ ਨੇ ਇਹ ਵੀ ਦਾਅਵਾ ਕੀਤਾ ਕਿ ਧਮਕੀਆਂ ਬਾਰੇ ਜਾਣਕਾਰੀ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੋਂ ਹੀ ਮਿਲੀ ਹੈ। ਇਕ ਹੋਰ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟੀਕਰਨ ਦਿਤਾ ਹੈ ਕਿ ਉਨ੍ਹਾਂ ਵਲੋਂ ਕਹੀ ਗੱਲ ਨੂੰ ਮੀਡੀਆ ਨੇ ਅਪਣੇ ਵਲੋਂ ਵਧਾ ਕੇ ਲਿਖ ਦਿਤਾ ਹੈ।
ਉਂਜ ਰੰਧਾਵਾ ਨੇ ਗੱਲਬਾਤ ਲਈ ਚੋਣਵੇਂ ਪੱਤਰਕਾਰਾਂ ਨੂੰ ਬਾਅਦ ਦੁਪਹਿਰ ਤਿੰਨ ਵਜੇ ਮਿਲਣ ਦਾ ਸੱਦਾ ਭੇਜਿਆ ਸੀ ਪਰ ਉਹ ਦਿਤੇ ਸਮੇਂ 'ਤੇ ਦਫ਼ਤਰ ਵਿਚ ਮੌਜੂਦ ਨਹੀਂ ਸਨ। ਰੰਧਾਵਾ ਦਾ ਪੱਖ ਜਾਣਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨਹੀਂ ਚੁਕਿਆ।
ਪਛੜ ਕੇ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਫ਼ਤਰ ਵਲੋਂ ਜੇਲ ਮੰਤਰੀ ਨੂੰ ਬੁਲੇਟ ਪਰੂਫ਼ ਗੱਡੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਨਵੀਂ ਸਥਿਤੀ ਵਿਚ ਭੰਬਲਭੂਸਾ ਪੈਣ ਲੱਗਾ ਹੈ ਕਿ ਇਕ ਪਾਸੇ ਪੁਲਿਸ ਮੁਖੀ ਪੂਰੀ ਦਿਤੀ ਹੋਈ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਵਲੋਂ ਬੁਲੇਟ ਪਰੂਫ਼ ਗੱਡੀ ਦੇਣ ਬਾਰੇ ਵਿਚਾਰ ਕੀਤਾ ਜਾਣ ਲੱਗਾ ਹੈ।