
ਸੂਬੇ 'ਚ 114 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ
ਚੰਡੀਗੜ੍ਹ, 14 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਜਿਥੇ ਸਰਕਾਰੀ ਤੌਰ 'ਤੇ 5 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਉਥੇ 114 ਹੋਰ ਨਵੇਂ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ। ਹੁਣ ਮੌਤਾਂ ਦੀ ਕੁੱਲ ਗਿਣਤੀ ਜਿਥੇ 70 ਹੋ ਗਈ ਹੈ, ਉਥੇ ਕੁੱਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 3177 ਤਕ ਪਹੁੰਚ ਗਿਆ ਹੈ। ਅੱਜ 29 ਹੋਰ ਮਰੀਜ਼ ਠੀਕ ਹੋਣ ਨਾਲ ਇਹ ਅੰਕੜਾ ਵੀ 2356 ਤੱਕ ਪਹੁੰਚਿਆ ਹੈ। ਜਿਥੇ 24 ਘੰਟਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿਚ ਵਧੇਰੇ ਨਵੇਂ ਪਾਜ਼ੇਟਿਵ ਕੇਸ ਆਏ ਹਨ ਉਥੇ ਜ਼ਿਲ੍ਹਾ ਮੋਹਾਲੀ ਵਿਚ ਵੀ ਅੰਕੜਾ ਮੁੜ ਵਧਣ ਲੱਗਾ ਹੈ,
File Photo
ਜਿਥੇ ਅੱਜ ਵੀ ਵੱਖ ਵੱਖ ਥਾਵਾਂ ਤੋਂ 16 ਨਵੇਂ ਪਾਜ਼ੇਟਿਵ ਕੇਸ ਦਰਜ ਹੋਏ ਹਨ। ਇਲਾਜ ਅਧੀਨ ਮਰੀਜ਼ਾਂ ਦਾ ਅੰਕੜਾ ਵੀ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਇਸ ਸਮੇਂ 717 ਮਰੀਜ਼ ਇਲਾਜ ਅਧੀਨ ਹਨ। ਇਨ੍ਹਾਂ 'ਚੋਂ 15 ਦੀ ਹਾਲਤ ਗੰਭੀਰ ਬਣੀ ਹੋਈ ਹੈ, 14 ਕੋਰੋਨਾ ਮਰੀਜ਼ ਆਕਸੀਜਨ ਅਤੇ 1 ਵੈਂਟੀਲੇਟਰ 'ਤੇ ਹੈ। ਇਸ ਸਮੇਂ ਮੌਤਾਂ ਦੀ ਗਿਣਤੀ ਵਿਚ ਜ਼ਿਲ੍ਹਾ ਅੰਮ੍ਰਿਤਸਰ ਸੱਭ ਤੋਂ ਉਪਰ ਹੈ, ਜਿਥੇ 17 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਜਲੰਧਰ ਵਿਚ 11 ਅਤੇ ਲੁਧਿਆਣਾ ਵਿਚ 12 ਮੌਤਾਂ ਹੋ ਚੁਕੀਆਂ ਹਨ। ਕੁੱਲ ਮੌਤਾਂ 'ਚੋਂ ਅੱਧੇ ਤੋਂ ਵੱਧ ਇਨ੍ਹਾਂ 3 ਜ਼ਿਲ੍ਹਿਆਂ ਵਿਚ ਹੀ ਹੋਈਆਂ ਹਨ। ਇਸ ਸਮੇਂ ਸਾਰੇ ਜ਼ਿਲ੍ਹਿਆਂ 'ਚੋਂ ਕੋਰੋਨਾ ਦੇ ਨਵੇਂ ਕੇਸ ਆ ਰਹੇ ਹਨ ਅਤੇ ਕੋਈ ਜ਼ਿਲ੍ਹਾ ਕੋਰੋਨਾ ਮੁਕਤ ਨਹੀਂ ਹੈ।