
ਨੋਵਲ ਕੋਰੋਨਾ ਵਾਇਰਸ ਦੇ ਚਲਦਿਆਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਈ-ਪਾਸ ਦੀ ਸਹੂਲਤ ਪੰਜਾਬ ਸਰਕਾਰ ਵਲੋਂ
ਮਾਨਸਾ, 14 ਜੂਨ (ਬਹਾਦਰ ਖ਼ਾਨ): ਨੋਵਲ ਕੋਰੋਨਾ ਵਾਇਰਸ ਦੇ ਚਲਦਿਆਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਈ-ਪਾਸ ਦੀ ਸਹੂਲਤ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿਤੀ ਗਈ ਸੀ ਪਰ ਲਾਲਚ ਦੇ ਚਲਦਿਆਂ ਕੁੱਝ ਲੋਕ ਇਸ ਦਾ ਗ਼ਲਤ ਇਸਤੇਮਾਲ ਕਰਨ ਤੋਂ ਵੀ ਬਾਜ਼ ਨਹੀਂ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਯੂ.ਪੀ. ਛੱਡਣ ਜਾ ਰਹੇ 5 ਡਰਾਇਵਰਾਂ ਅਤੇ 1 ਬੱਸ ਮਾਲਕ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਦੇ ਮੋਹੋਬਾ ਵਿਖੇ ਛੱਡਣ ਲਈ ਮੋਟੀ ਰਕਮ ਵਸੂਲ ਕਰਨ ਵਾਲੇ ਇਨ੍ਹਾਂ ਬੱਸ ਚਾਲਕਾਂ/ਮਾਲਕਾਂ ਵਲੋਂ ਜਾਅਲੀ ਕਰਫ਼ਿਊ ਪਾਸ ਬਣਾ ਕੇ ਛੱਡਣ ਲਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਵਲੋਂ ਇਹ ਜਾਅਲੀ ਪਾਸ ਏ.ਡੀ.ਐਮ. ਬਠਿੰਡਾ ਵਲੋਂ ਜਾਰੀ ਕੀਤੇ ਦਰਸਾਏ ਗਏ ਸਨ। ਡਾ. ਭਾਰਗਵ ਨੇ ਦਸਿਆ ਕਿ ਇਸ ਸਬੰਧ ਵਿਚ ਪਰਮਜੀਤ ਸਿੰਘ ਵਾਸੀ ਖ਼ਿਆਲਾ ਕਲਾਂ, ਬੰਟੀ ਸੇਠ ਵਾਸੀ ਭੀਖੀ, ਜਸਬੀਰ ਸਿੰਘ, ਗੋਮੀ ਸਿੰਘ, ਬਲਬੀਰ ਸਿੰਘ ਅਤੇ ਭਾਈ ਬਹਿਲੋ ਬੱਸ ਸਰਵਿਸ ਮਾਲਕ-ਕਮ-ਚਾਲਕ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।
File Photo
ਇਸ ਤੋਂ ਇਲਾਵਾ ਬੱਸ ਕੰਪਨੀ ਦੇ ਮਾਲਕਾਂ ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ, ਬਲਕਰਨ ਸਿੰਘ ਅਤੇ ਮਨਪ੍ਰੀਤ ਸਿੰਘ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ। ਇਹ ਸਾਰੇ ਵਿਅਕਤੀ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਬੱਸ ਚਾਲਕਾਂ ਅਤੇ ਮਾਲਕਾਂ ਵਲੋਂ ਬਸ ਵਿਚ ਕਿਸੇ ਵੀ ਤਰ੍ਹਾਂ ਦੀ ਸਮਾਜਕ ਦੂਰੀ ਦਾ ਕੋਈ ਧਿਆਨ ਵੀ ਨਹੀਂ ਰੱਖਿਆ ਗਿਆ ਸੀ।
ਡਾ. ਭਾਰਗਵ ਨੇ ਦਸਿਆ ਕਿ ਉਪਰੋਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਨਸਾ ਪੁਲਿਸ ਵਲੋਂ ਮਜ਼ਦੂਰਾਂ, ਜਿਨ੍ਹਾਂ ਵਿਚ 150 ਪੁਰਸ਼, 80 ਔਰਤਾਂ ਅਤੇ 115 ਬੱਚੇ ਸ਼ਾਮਲ ਸਨ, ਨੂੰ ਨਾਈਟ ਸ਼ੈਲਟਰ, ਸਵੇਰ ਦਾ ਨਾਸ਼ਤਾ, ਚਾਹ, ਆਰ.ਓ. ਵਾਲਾ ਪਾਣੀ ਅਤੇ ਦੁਪਹਿਰ ਦਾ ਖਾਣਾ ਮੁਹਈਆ ਕਰਵਾਇਆ ਗਿਆ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਪ੍ਰਵਾਸੀਆਂ ਦੀ ਮੈਡੀਕਲ ਸਕਰੀਨਿੰਗ ਵੀ ਕਰਵਾਈ ਗਈ। ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਬੱਸਾਂ ਅਤੇ ਸਹੀ ਪਾਸ ਮੁਹਈਆ ਕਰਵਾ ਕੇ ਕੋਵਿਡ-19 ਦੀਆਂ ਸਾਵਧਾਨੀਆਂ ਦਾ ਧਿਆਨ ਰਖਦਿਆਂ ਉਨ੍ਹਾਂ ਦੀ ਮੰਜ਼ਿਲ ਮੋਹੋਬਾ (ਯੂ.ਪੀ.) ਲਈ ਰਵਾਨਾ ਕੀਤਾ ਗਿਆ।