
ਐਫ਼ਆਈਆਰ ਵਿਚ ਜਾਤ ਦਾ ਜ਼ਿਕਰ ਕੀਤੇ ਜਾਣ ਦੀ ਬਸਤੀਵਾਦੀ ਭਾਰਤ ਸਮੇਂ ਦੀ ਪ੍ਰਕਿਰਿਆ 'ਤੇ ਤਵਾਰੀਖ਼ੀ ਨਿਰਦੇਸ਼
ਚੰਡੀਗੜ੍ਹ, 14 ਜੂਨ (ਨੀਲ ਭਲਿੰਦਰ ਸਿੰਘ): ਐਫ਼ਆਈਆਰ ਵਿਚ ਜਾਤ ਦਾ ਜ਼ਿਕਰ ਕੀਤੇ ਜਾਣ ਦੀ ਬਸਤੀਵਾਦੀ ਭਾਰਤ ਸਮੇਂ ਦੀ ਪ੍ਰਕਿਰਿਆ 'ਤੇ ਤਵਾਰੀਖ਼ੀ ਨਿਰਦੇਸ਼ ਦੇਣ ਮਗਰੋਂ ਹੁਣ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਸ਼ਾਇਦ ਪਹਿਲੀ ਵਾਰ ਵਿਦੇਸ਼ੀਆਂ ਲਈ ਅਜਿਹੇ ਦਸਤਾਵੇਜ਼ਾਂ ਵਿਚ ਨਸਲੀ ਸੰਬੋਧਨ ਦਰਜ ਕੀਤੇ ਜਾਣ 'ਤੇ ਵੱਡਾ ਇਤਰਾਜ਼ ਜ਼ਾਹਰ ਕੀਤਾ ਹੈ।
ਇਸ ਤਾਜ਼ਾ ਕੇਸ ਤਹਿਤ ਹਾਈ ਕੋਰਟ ਨੇ ਦਸਤਾਵੇਜ਼ ਵਿਚ ਇਕ ਅਫ਼ਰੀਕੀ ਵਿਅਕਤੀ ਲਈ 'ਨੀਗਰੋ' ਸ਼ਬਦ ਦਾ ਇਸਤੇਮਾਲ ਕਰਨ 'ਤੇ ਪੰਜਾਬ ਪੁਲਿਸ ਨੂੰ ਝਾੜ ਪਾਈ ਹੈ । 12 ਜੂਨ ਨੂੰ ਅਦਾਲਤ ਨੇ ਕਰੜੇ ਲਹਿਜੇ ਵਿਚ ਕਿਹਾ ਕਿ ਅਫ਼ਰੀਕੀ ਮੂਲ ਦੇ ਅਸ਼ਵੇਤ (ਕਾਲੇ) ਲੋਕਾਂ ਨੂੰ ਸੰਬੋਧਤ ਹੋਣ ਲਈ 'ਕਾਲਾ ਜਾਂ ਨੀਗਰੋ' ਜਿਹੇ ਹੇਠੀ ਵਾਲੇ ਸ਼ਬਦਾਂ ਦੀ ਵਰਤੋਂ ਬੇਹੱਦ ਹਮਲਾਵਾਰਾਨਾ ਅਤੇ ਅਸਵੀਕਾਰਯੋਗ ਹੈ। ਇਸ ਤਰ੍ਹਾਂ ਦੀ ਨਸਲੀ ਟਿਪਣੀ ਬਰਦਾਸ਼ਤ ਤੋਂ ਬਾਹਰ ਹੈ ।
ਅਦਾਲਤ ਨੇ ਕਿਹਾ ਕਿ ਕਾਲੇ ਲੋਕ ਵਿਦੇਸ਼ੀ ਧਰਤੀ ਵਿਚ ਆਦਰ ਅਤੇ ਸਨਮਾਨ ਦੇ ਪਾਤਰ ਹਨ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਮੁੱਦੇ ਦੇ ਬਾਰੇ ਵਿਚ ਤੁਰਤ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੀਵ ਨਰਾਇਣ ਰੈਣਾ ਨੇ ਡਰੱਗ ਮਾਮਲੇ ਨਾਲ ਸਬੰਧਤ ਸੁਣਵਾਈ ਦੌਰਾਨ ਆਦੇਸ਼ ਦਿਤਾ। ਪੰਜਾਬ ਪੁਲਿਸ ਡਾਇਰੈਕਟਰ ਨੂੰ ਅਪੀਲ ਕੀਤੀ ਜਾਂਦੀ ਹੈ
ਕਿ ਉਹ ਇਸ ਪੂਰੇ ਮੁੱਦੇ 'ਤੇ ਵਿਚਾਰ ਕਰੇ ਅਤੇ ਪੁਲਿਸ ਬਲ ਨੂੰ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕਰੇ ਕਿ ਉਹ ਕਿਸੇ ਵੀ ਮਾਮਲੇ ਦੇ ਦਸਤਾਵੇਜ਼ ਵਿਚ ਕਾਲੇ ਲੋਕਾਂ ਦਾ ਜ਼ਿਕਰ ਕਰਦੇ ਹੋਏ ਕਦੇ ਵੀ ਇਤਰਾਜ਼ਯੋਗ ਸ਼ਬਦ 'ਨਿਗਰੋ ਜਾਂ ਨੀਗਰੋ' ਦਾ ਪ੍ਰਯੋਗ ਨਾ ਕਰੇ। ਇਸ ਮਾਮਲੇ ਨੂੰ ਹੁਣ 18 ਜੂਨ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ ।