
1991 ਵਿਚ ਆਈ.ਏ.ਐੱਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ
ਐੱਸ.ਏ.ਐੱਸ ਨਗਰ - 1991 ਵਿਚ ਆਈ.ਏ.ਐੱਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵੱਲੋਂ ਧਾਰਾ 302 ਵਿਚ ਅੰਤ੍ਰਿਮ ਜ਼ਮਾਨਤ ਦੇਣ ਤੋਂ ਬਾਅਦ ਸ਼ਿਕਾਇਤ ਕਰਤਾ ਵੱਲੋਂ ਕਿਸੇ ਹੋਰ ਅਦਾਲਤ ਵਿਚ ਕੇਸ ਦੀ ਸੁਣਵਾਈ ਕਰਨ ਦੀ ਲਗਾਈ ਅਰਜ਼ੀ 'ਤੇ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਸੁਮੇਧ ਸੈਣੀ ਨੂੰ ਕੀਤੇ ਨੋਟਿਸ ਤੋਂ ਬਾਅਦ ਅੱਜ ਸੈਣੀ ਵੱਲੋਂ ਪੇਸ਼ ਹੋਏ ਵਕੀਲ ਨੇ ਜਵਾਬ ਦਾਖਲ ਕਰਨ ਦਾ ਸਮਾਂ ਮੰਗਿਆ ਹੈ।
Former DGP Sumedh Saini
ਸੈਸ਼ਨ ਜੱਜ ਵੱਲੋਂ ਸੁਮੇਧ ਸੈਣੀ ਨੂੰ ਜਵਾਬ ਦਾਖਲ ਕਰਨ ਲਈ 23 ਜੂਨ ਦਾ ਸਮਾਂ ਨਿਸ਼ਚਿਤ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਪੁਲਿਸ ਨੇ ਸਾਬਕਾ ਡਾਇਰੈਕਟਰ-ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਵਿਰੁਧ ਦਰਜ ਕੀਤੇ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਅਤੇ ਖ਼ੁਰਦ-ਬੁਰਦ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਸੀ।
Sumedh Saini
ਮੋਹਾਲੀ ਦੇ ਮਟੌਰ ਥਾਣੇ ਵਿਚ ਸੈਣੀ ਤੇ ਹੋਰਨਾਂ ਪੁਲਿਸ ਮੁਲਾਜ਼ਮਾਂ ਵਿਰੁਧ ਇਹ ਕੇਸ ਦਰਜ ਕੀਤਾ ਗਿਆ ਹੈ। 1991 ਦੇ ਅਗ਼ਵਾ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਦਰਜ ਕੀਤੀ ਗਈ ਇਕ ਪੁਰਾਣੀ ਐਫ਼ਆਈਆਰ ਨੂੰ ਰੱਦ ਕਰਨ ਦੇ ਅੱਠ ਸਾਲਾਂ ਤੋਂ ਬਾਅਦ ਇਹ ਤਾਜ਼ਾ ਐਫ਼ਆਈਆਰ ਦਰਜ ਕੀਤੀ ਗਈ ਸੀ।
Sumedh Saini
ਮੁਹਾਲੀ ਪੁਲਿਸ ਨੇ ਅਗ਼ਵਾ ਅਤੇ ਹੋਰਨਾਂ ਅਪਰਾਧਾਂ ਲਈ ਦਰਜ ਕੀਤੀ ਗਈ ਐਫ਼ਆਈਆਰ ਦੀ ਪੜਤਾਲ ਲਈ ਪਹਿਲਾਂ ਹੀ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਦਸਣਯੋਗ ਹੈ ਕਿ ਇਸ ਮਾਮਲੇ ਵਿਚ ਸੀਬੀਆਈ ਪਹਿਲਾਂ ਹੀ ਪੈਰ ਪਿਛੇ ਖਿੱਚ ਚੁੱਕੀ ਹੈ। ਇੰਨਾ ਹੀ ਨਹੀਂ ਪੰਜਾਬ ਪੁਲਿਸ ਵਲੋਂ ਚੰਡੀਗੜ੍ਹ ਅਦਾਲਤ ਵਿਚ ਸੀਬੀਆਈ ਤੋਂ ਰੀਕਾਰਡ ਲੈਣ ਵਾਸਤੇ ਕੀਤੀ ਗਈ ਪਹੁੰਚ ਵੀ ਹਾਲ ਦੀ ਘੜੀ ਕੋਈ ਲਾਹੇਵੰਦੀ ਸਾਬਤ ਹੁੰਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਅਦਾਲਤ ਵਿਚ ਹੀ ਸੀਬੀਆਈ ਬੀਤੇ ਹਫ਼ਤੇ ਰੀਕਾਰਡ ਮੌਜੂਦ ਨਾ ਹੋਣ ਦੀ ਦਲੀਲ ਦੇ ਕੇ ਇਕ ਤਰ੍ਹਾਂ ਨਾਲ ਪੱਲਾ ਝਾੜਨ ਦੀ ਕੋਸ਼ਿਸ਼ ਕਰ ਚੁੱਕੀ ਹੈ। ਪਰ ਪੰਜਾਬ ਪੁਲਿਸ ਦਾ ਦਰਦ ਜਾਰੀ ਹੈ।
FIR
ਤਾਜ਼ਾ ਦਰਜ ਐਫ਼.ਆਈ.ਆਰ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰੀਜ਼ਮ ਕਾਰਪੋਰੇਸ਼ਨ ਵਿਚ ਜੂਨੀਅਰ ਇੰਜੀਨੀਅਰ ਸਨ। ਉਸ ਵੇਲੇ ਫ਼ੇਜ਼-7 ਮੁਹਾਲੀ ਦੇ ਰਹਿਣ ਵਾਲੇ ਮੁਲਤਾਨੀ ਨੂੰ 1991 ਵਿਚ ਸੈਣੀ ਜਦੋਂ ਚੰਡੀਗੜ੍ਹ ਦੇ ਐਸਐਸਪੀ ਸੀ ਤਾਂ ਉਸ ’ਤੇ ਹੋਏ ਹਮਲੇ ਤੋਂ ਬਾਅਦ ਮੁਲਤਾਨੀ ਨੂੰ ਪੁਲਿਸ ਲੈ ਗਈ ਸੀ। ਜਿਸ ਮਗਰੋਂ ਉਸ ਦਾ ਖੁਰਾ ਖੋਜ ਨਹੀਂ ਲੱਭਿਆ। ਹੁਣ ਸੁਮੇਧ ਸੈਣੀ ਵਿਰੁਧ ਕੇਸ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਅਤੇ ਜਲੰਧਰ ਦੇ ਵਸਨੀਕ ਪਲਵਿੰਦਰ ਸਿੰਘ ਮੁਲਤਾਨੀ ਵਲੋਂ ਤਾਜ਼ਾ ਅਰਜ਼ੀ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।