
ਦੋ ਕਰੋੜ ਦੀ ਜ਼ਮੀਨ ਪੰਜਾਂ ਮਿੰਟਾਂ ਵਿਚ ਬਣਾ ਦਿਤੀ ਗਈ 18.5 ਕਰੋੜ ਦੀ
ਨਵੀਂ ਦਿੱਲੀ, 14 ਜੂਨ : ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸਬੰਧਤ ਇਕ ਜ਼ਮੀਨ ਸੌਦੇ ਵਿਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ’ਤੇ ਭਾਜਪਾ ਤੇ ਸੰਘ ਪ੍ਰਵਾਰ ਘਿਰ ਗਿਆ ਹੈ। ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਘਪਲੇ ’ਤੇ ਜਵਾਬ ਦੇਣਾ ਚਾਹੀਦਾ ਹੈ ਅਤੇ ਉੱਚ ਅਦਾਲਤ ਦੀ ਨਿਗਰਾਨੀ ਵਿਚ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਉੱਚ ਅਦਾਲਤ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਮੰਦਰ ਨਿਰਮਾਣ ਦੇ ਚੰਦੇ ਦੇ ਰੂਪ ਵਿਚ ਹਾਸਲ ਕੀਤੀ ਰਾਸ਼ੀ ਅਤੇ ਖ਼ਰਚਿਆਂ ਦਾ ਅਦਾਲਤ ਅਧੀਨ ਆਡਿਟ ਕਰਵਾੲੈ ਅਤੇ ਚੰਦੇ ਨਾਲ ਖ਼ਰੀਦੀ ਗਈ ਸਾਰੀ ਜ਼ਮੀਨ ਦੀ ਕੀਮਤ ਦੀ ਵੀ ਜਾਂਚ ਕਰੇ। ਸੂਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ,‘‘ਰਾਮ ਆਸਥਾ ਦੇ ਪ੍ਰਤੀਕ ਹਨ, ਪਰ ਰਾਮ ਦੀ ਅਯੁਧਿਆ ਨਗਰੀ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਕਰੋੜਾਂ ਲੋਕਾਂ ਤੋਂ ਇਕੱਠੇ ਕੀਤੇ ਚੰਦੇ ਦਾ ਦੁਰਉਪਯੋਗ ਅਤੇ ਧੋਖਾਧੜੀ ਮਹਾਂਪਾਪ ਅਤੇ ਘੋਰ ਅਧਰਮ ਹੈ, ਜਿਸ ਵਿਚ ਭਾਜਪਾਈ ਆਗੂ ਸ਼ਾਮਲ ਹਨ।’’
ਸੂਰਜੇਵਾਲਾ ਨੇ ਕਿਹਾ,‘‘ਜ਼ਮੀਨ ਦੀ ਰਜਿਸਟਰੀ ਦੇ ਦੋਹਾਂ ਕਾਗ਼ਜ਼ਾਂ ’ਤੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ ਗਵਾਹ ਦੇ ਤੌਰ ’ਤੇ ਮੌਜੂਦ ਸਨ। ਦੋਹਾਂ ਕਾਗ਼ਜ਼ਾਂ ’ਤੇ ਦੂਜੇ ਗਵਾਹ ਭਾਜਪਾ ਦੇ ਪ੍ਰਮੁਖ ਆਗੂ ਅਤੇ ਅਯੁਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਦੋ ਕਰੋੜ ਰੁਪਏ ਦੀ ਜ਼ਮੀਨ ਪੰਜ ਮਿੰਟ ਵਿਚ 18.5 ਕਰੋੜ ਰੁਪਏ ਵਿਚ ਖ਼ਰੀਦਣ ਦੇ ਫ਼ੈਸਲੇ ਦੀ ਰਾਮ ਮੰਦਰ ਨਿਰਮਾਣ ਟਰੱਸਟ ਦੇ ਟਰੱਸਟੀਆਂ ਨੂੰ ਪੂਰੀ ਜਾਣਕਾਰੀ ਸੀ। ਪਰ ਪ੍ਰਧਾਨ ਮੰਤਰੀ ਚੁੱਪ ਹਨ।’’ ਉਨ੍ਹਾਂ ਨੇ ਅਦਾਲਤ ਨੂੰ ਇਸ ਘਪਲੇ ਦੀ ਡੁੰਘਾਈ ਨਾਲ ਜਾਂਚ ਕਰਵਾਉਣ ਦੀ ਬੇਨਤੀ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ
ਸਬੰਧਤ ਇਕ ਜ਼ਮੀਨ ਸੌਦੇ ਵਿਚ ਲੱਗੇ ਭਿ੍ਰਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਸੋਮਵਾਰ ਨੂੰ ਕਿਹਾ ਕਿ ਭਗਵਾਨ ਰਾਮ ਦੇ ਨਾਮ ’ਤੇ ਧੋਖਾ ਕਰਨਾ ਅਧਰਮ ਹੈ। ਰਾਹੁਲ ਨੇ ਟਵੀਟ ਕੀਤਾ ਸ਼੍ਰੀ ਰਾਮ ਖ਼ੁਦ ਨਿਆਂ ਹੈ, ਸੱਚ ਹੈ, ਧਰਮ ਹੈ। ਉਨ੍ਹਾਂ ਦੇ ਨਾਮ ’ਤੇ ਧੋਖਾ ਅਧਰਮ ਹੈ।’’(ਪੀਟੀਆਈ)
‘ਆਪ’ ਨੇ ਕਿਹਾ, ਸੀਬੀਆਈ ਤੇ ਈਡੀ ਕਰਨ ਮਾਮਲੇ ਦੀ ਜਾਂਚ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਲਖਨਊ ਵਿਚ ਪ੍ਰੈੱਸ ਕਾਨਫਰੰਸ ਕਰਕੇ ਰਾਮ ਮੰਦਰ ਦੇ ਨਾਂਅ ’ਤੇ ਖਰੀਦੀ ਜਾ ਰਹੀ ਜ਼ਮੀਨ ਦੇ ਮਾਮਲੇ ਵਿਚ ਭਿ੍ਰਸ਼ਟਾਚਾਰ ਦੇ ਦੋਸ਼ ਲਗਾਏ ਹਨ। ਸੰਜੇ ਸਿੰਘ ਨੇ ਕਿਹਾ ਕਿ, ‘ਕਰੀਬ 5.5 ਲੱਖ ਰੁਪਏ ਪ੍ਰਤੀ ਸੈਕਿੰਡ ਜ਼ਮੀਨ ਦੀ ਕੀਮਤ ਵਧ ਗਈ। ਭਾਰਤ ਕੀ ਦੁਨੀਆਂ ਵਿਚ ਕਿਤੇ ਵੀ ਕੋਈ ਜ਼ਮੀਨ ਇਕ ਸੈਕਿੰਡ ਵਿਚ ਇੰਨੀ ਮਹਿੰਗੀ ਨਹੀਂ ਹੋਈ ਹੋਵੇਗੀ। ਮੈਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਤੁਰੰਤ ਈਡੀ ਅਤੇ ਸੀਬੀਆਈ ਕੋਲੋਂ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਭਿ੍ਰਸ਼ਟਾਚਾਰੀ ਹਨ, ਉਹਨਾਂ ਨੂੰ ਜੇਲ੍ਹ ਅੰਦਰ ਕੀਤਾ ਜਾਵੇ’।