
ਹਥਿਆਰ ਤੇ ਗੋਲਾ ਬਾਰੂਦ ਸਮੇਤ ਇਕ ਬੁਲਟਪਰੂਫ਼ ਜੈਕੇਟ ਵੀ ਬਰਾਮਦ
ਚੰਡੀਗੜ੍ਹ, 14 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ ਗੈਂਗਸਟਰਾਂ ਦੀ ਨਕੇਲ ਕਸਦਿਆਂ, ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੇ ਤਸਕਰਾਂ ਅਤੇ ਹਾਈਵੇਅ ਲੁਟੇਰਿਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ ਜਰਮਨਜੀਤ ਸਿੰਘ ਸਣੇ ਦੋ ਭਗੌੜੇ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਹਥਿਆਰਾਂ ਅਤੇ ਤਸਕਰ ਕੀਤੇ ਗੋਲਾ-ਬਾਰੂਦ ਦੇ ਨਾਲ ਇਕ ਬੁਲਟ-ਪਰੂਫ਼ ਜੈਕੇਟ ਵੀ ਬਰਾਮਦ ਕੀਤੀ ਹੈ।
ਇਹ ਮੁਜਰਮ ਸਰਹੱਦ ਪਾਰੋਂ ਭਾਰਤ ਵਿਚ ਹਥਿਆਰਾਂ ਦੀ ਤਸਕਰੀ ਲਈ ਵੀ ਦੋਸ਼ੀ ਹਨ। ਇਸ ਕਾਰਵਾਈ ਦੇ ਵੇਰਵਾ ਦਿੰਦਿਆਂ ਨਵਜੋਤ ਮਾਹਲ, ਐਸਐਸਪੀ ਜਲੰਧਰ ਦਿਹਾਤੀ ਨੇ ਦਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਬਰਿਆੜ, ਥਾਣਾ ਘੁੰਮਣ ਅਤੇ ਉਸ ਦਾ ਸਾਥੀ ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਜਵੰਦਪੁਰ ਥਾਣਾ ਵੈਰੋਵਾਲ, ਵਰਨਾ ਕਾਰ ਨੰ. ਪੀ.ਬੀ. 46 ਕਿਊ 49512 ਵਿਚ ਬਹਿਰਾਮ ਵਲ ਜਾ ਰਹੇ ਸਨ ਅਤੇ ਕੁੱਝ ਘਿਨਾਉਣੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ।
Photo
ਜਲੰਧਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਸਟਾਫ਼ ਦੀ ਇਕ ਟੀਮ ਕਾਰ ਸਵਾਰ ਹਮਲਾਵਰਾਂ ਨੂੰ ਫੜਨ ਵਿਚ ਸਫ਼ਲ ਹੋ ਗਈ। ਪੁਲਿਸ ਨੇ ਗੈਂਗਸਟਰਾਂ ਕੋਲੋਂ ਇਕ ਬੁਲੇਟ ਪਰੂਫ਼ ਜੈਕਟ, ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੁਆਰਾ ਮੁਹੱਈਆ ਕਰਵਾਈ ਗਈ .455 ਬੋਰ ਦੀ ਇਕ ਪਿਸਟਲ, ਚਾਰ ਜਿੰਦਾ ਕਾਰਤੂਸ ਸਮੇਤ ਦੋ ਗਲੋਕ 09 ਐਮਐਮ ਪਿਸਤੌਲ, ਇਕ ਪੰਪ ਐਕਸ਼ਨ 12 ਬੋਰ ਰਾਈਫ਼ਲ, .32 ਬੋਰ ਦਾ ਰਿਵਾਲਵਰ, ਇਕ .30 ਬੋਰ ਦਾ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।
ਸ੍ਰੀ ਗੁਪਤਾ ਨੇ ਦਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੋਰਾ ਨੇ ਪ੍ਰਗਟਾਵਾ ਕੀਤਾ ਕਿ ਉਸ ਦਾ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਨੇੜਲਾ ਸੰਪਰਕ ਸੀ, ਜੋ ਕਿ ਪਾਕਿਸਤਾਨ ਆਧਾਰਤ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਮਿਰਜ਼ਾ ਅਤੇ ਅਹਿਦਦੀਨ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਕੋਲੋਂ ਫ਼ਿਰੋਜ਼ਪੁਰ ਵਿਚੋਂ ਕਈ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਮਿਲੀਆਂ ਸਨ। ਸ੍ਰੀ ਗੁਪਤਾ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਨਸ਼ਾ/ਹਥਿਆਰਾਂ ਦਾ ਤਸਕਰ ਮਿਰਜ਼ਾ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਲਈ ਭਾਰਤ-ਪਾਕਿ ਸਰਹੱਦ 'ਤੇ ਕੋਰੀਅਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਹਥਿਆਰਾਂ ਦੀਆਂ ਖੇਪਾਂ ਦੀ ਭਾਰਤ ਵਿਚ ਤਸਕਰੀ ਕਰਦਾ ਸੀ।