
ਬਰਗਾੜੀ ਮੋਰਚੇ ਦੇ 11ਵੇਂ ਜਥੇ ਨੇ
ਕੋਟਕਪੂਰਾ, 14 ਜੁਲਾਈ (ਗੁਰਿੰਦਰ ਸਿੰਘ) : ਬਰਗਾੜੀ ਵਿਖੇ ਵਾਪਰੇ ਬੇਅਦਬੀ ਦੇ ਸ਼ਰਮਨਾਕ ਕਾਰੇ ਤੋਂ ਬਾਅਦ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਮਾਮਲਿਆਂ ਦਾ ਇਨਸਾਫ਼ ਲੈਣ ਲਈ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਬਰਗਾੜੀ ਵਿਖੇ ਲਾਏ ਗਏ ਮੋਰਚੇ ਵਿੱਚ ਅੱਜ 11ਵੇਂ ਦਿਨ ਉੱਤਰ ਪ੍ਰਦੇਸ਼ ਦੇ ਪੰਜ ਸਿੰਘਾਂ ਨੇ ਖ਼ੁਦ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਅਰਦਾਸ-ਬੇਨਤੀ ਕਰਨ ਉਪਰੰਤ ਗਿ੍ਰਫ਼ਤਾਰੀ ਦਿਤੀ।
ਗਿ੍ਰਫ਼ਤਾਰੀ ਦੇਣ ਵਾਲਿਆਂ ਵਿਚ ਲਖਵਿੰਦਰ ਸਿੰਘ, ਕਸ਼ਮੀਰ ਸਿੰਘ ਲਾਡੀ, ਸੰਦੀਪ ਸਿੰਘ, ਹਰਕਮਲਪ੍ਰੀਤ ਸਿੰਘ ਖ਼ਾਲਸਾ, ਵਿਕਰਮ ਸਿੰਘ ਆਦਿ ਸ਼ਾਮਲ ਹਨ। ਉਨਾ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ’ਚ ਪੈਦਲ ਚਲ ਕੇ ਮੋਰਚੇ ਵਾਲੇ ਸਥਾਨ ’ਤੇ ਨੇੜੇ ਦਾਣਾ ਮੰਡੀ ਵਿਖੇ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਆਕਾਸ਼ ਗੁੰਜਾਊ ਜੈਕਾਰੇ ਅਤੇ ਨਾਹਰੇ ਵੀ ਲਾਏ। ਇਸ ਮੌਕੇ ਜਥੇ ਨੂੰ ਰਵਾਨਾ ਕਰਦੇ ਹੋਏ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਨਰਲ ਸਕੱਤਰ, ਗੁਰਸੇਵਕ ਸਿੰਘ ਜਵਾਹਰਕੇ ਜਨਰਲ ਸਕੱਤਰ, ਬਾਬਾ ਲਖਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਹਾਜ਼ਰ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਜਥੇਦਾਰ ਦਰਸ਼ਨ ਸਿੰਘ ਦਲੇਰ ਕੋਟਲੀ ਦੇ ਢਾਡੀ ਜਥੇ ਨੇ ਗੁਰਇਤਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।