
ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਆਇਆ ਸਾਹਮਣੇ
ਧਾਰੀਵਾਲ, 14 ਜੁਲਾਈ (ਇੰਦਰ ਜੀਤ): ਅੰਮ੍ਰਿਤਧਾਰੀ ਇਕ ਵਿਅਕਤੀ ਦੇ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਕੇਸਾਂ ਦੀ ਬੇਅਦਬੀ ਕਰਨ, ਮੂੰਹ ਵਿਚ ਸ਼ਰਾਬ ਪਾਉਣ ਦੀ ਵਾਪਰੀ ਘਟਨਾ ਨਾਲ ਇਲਾਕੇ ਭਰ ਵਿਚ ਦਹਿਸ਼ਤ ਅਤੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬਲਵੰਤ ਸਿੰਘ ਨੇ ਧਾਰੀਵਾਲ ਦੀ ਪੁਲਿਸ ਨੂੰ ਦਸਿਆ ਕਿ ਬੀਤੀ ਰਾਤ ਕਰੀਬ 8 ਵਜੇ ਜਦ ਉਹ ਅਪਣੇ ਵਾਹਨ ਤੇ ਪਿੰਡ ਬੱਲ ਤੋਂ ਕੋਟ ਸੰਤੋਖ ਰਾਏ ਵਲ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਵਿਅਕਤੀ ਨੇ ਉਸ ਨੂੰ ਰੋਕਿਆ ਅਤੇ ਉਸ ਨੂੰ ਵੀ ਨਾਲ ਪਿੰਡ ਵਲ ਲਿਜਾਣ ਲਈ ਆਖਿਆ ਜਦ ਉਹ ਕੁੱਝ ਦੂਰੀ ਤੇ ਹੀ ਗਿਆ ਤਾਂ ਉਕਤ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਦਾ ਡਰ ਵਿਖਾ ਕੇ ਉਸ ਨੂੰ ਜਬਰਨ ਪਿੰਡ ਭਿਖਾਰੀ ਵਲ ਇਕ ਸੁਨਸਾਨ ਥਾਂ ’ਤੇ ਲੈ ਗਿਆ ਜਿਥੇ ਉਸ ਦੇ ਸਾਥੀ ਪਹਿਲਾ ਹੀ ਖੜੇ ਸਨ । ਬਲਵੰਤ ਸਿੰਘ ਨੇ ਦਸਿਆ ਕਿ ਉਕਤ ਚਾਰੋਂ ਵਿਅਕਤੀਆਂ ਨੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਮੂੰਹ ਵਿਚ ਨਸ਼ੀਲਾ ਪਦਾਰਥ ਵੀ ਪਾਇਆ,ਪਰ ਉਸ ਵਲੋਂ ਵਿਰੋਧ ਕਰਨ ਤੇ ਉਕਤ ਵਿਅਕਤੀਆਂ ਨੇ ਉਸ ਨੂੰ ਕਿਰਚ ਨਾਲ ਜ਼ਖ਼ਮੀ ਕਰ ਕੇ ਮੌਕੇ ਤੋਂ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਉਹ ਬੜੀ ਮੁਸ਼ਕਲ ਨਾਲ ਪਿੰਡ ਆਲੋਵਾਲ ਦੇ ਰਹਿਣ ਵਾਲੇ ਅਪਣੇ ਰਿਸ਼ਤੇਦਾਰਾਂ ਕੋਲ ਗਿਆ ਜਿਸ ਤੋਂ ਬਾਅਦ ਉਸ ਦੇ ਪ੍ਰਰਵਾਰਕ ਮੈਂਬਰਾਂ ਨੇ ਮੈਨੂੰ ਹਸਪਤਾਲ ਦਾਖ਼ਲ ਕਰਵਾਇਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਹ ਇਸ ਮਾਮਲੇ ਦੀ ਛਾਣਬੀਨ ਕਰ ਰਹੇ ਹਨ ਅਤੇ ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸਤਿੰਦਰ ਸਿੰਘ ਬੱਲ ਅਤੇ ਪਿੰਡ ਵਾਸੀਆਂ ਨੇ ਇਨਸਾਫ਼ ਦਿਵਾਉਣ ਦੀ ਕੀਤੀ ਮੰਗ ਅਤੇ ਸੰਵੇਦਨਸ਼ੀਲ ਮਸਲਾ ਜਲਦੀ ਸੁਲਝਾਉਣ ਦੀ ਕੀਤੀ ਅਪੀਲ।