
ਹੁਣ ਗੋਆ ’ਚ ਵੀ ਮੁਫ਼ਤ ਬਿਜਲੀ ਦੇਣਗੇ ਕੇਜਰੀਵਾਲ
ਖੇਤੀ ਲਈ ਦਿਤੀ ਜਾਵੇਗੀ ਮੁਫ਼ਤ ਬਿਜਲੀ, ਪੁਰਾਣੇ ਬਿਲ
ਪਣਜੀ, 14 ਜੁਲਾਈ : ਗੋਆ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਆਮ ਆਦਮੀ ਪਾਰਟੀ (ਆਪ) ਵੀ ਚੋਣਾਂ ’ਚ ਜਿੱਤ ਯਕੀਨੀ ਕਰਨ ਲਈ ਹੁਣ ਤੋਂ ਹੀ ਪੂਰਾ ਜ਼ੋਰ ਲਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ, ਉੱਤਰਾਖੰਡ ਤੋਂ ਬਾਅਦ ਹੁਣ ਗੋਆ ’ਚ ਵੀ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਗੋਆ ਵਿਧਾਨ ਸਭਾ ਚੋਣਾਂ 2022 ’ਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ 300 ਯੂਨਿਟ ਮੁਫ਼ਤ ਬਿਜਲੀ ਦਿਤੀ ਜਾਵੇਗੀ। ਕੇਜਰੀਵਾਲ ਨੇ ਪਣਜੀ ’ਚ ਕਿਹਾ ਕਿ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਤਕ ਬਿਜਲੀ ਮੁਫ਼ਤ ਦਿਤੀ ਜਾਵੇਗੀ। ਬਿਜਲੀ ਦੇ ਪੁਰਾਣੇ ਬਿੱਲ ਮੁਆਫ਼ ਕੀਤੇ ਜਾਣਗੇ। ਅਸੀਂ 24 ਘੰਟੇ ਬਿਜਲੀ ਦੇਵਾਂਗੇ। ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦਿਤੀ ਜਾਵੇਗੀ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਕਾਂਗਰਸ ਅਤੇ ਭਾਜਪਾ ’ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਗੋਆ ਸੁੰਦਰ ਪਰ ਰਾਜਨੀਤੀ ਖਰਾਬ ਹੈ। ਨਵੀਂ ਪਾਰਟੀ ਗੋਆ ਦਾ ਭਵਿੱਖ ਬਦਲ ਸਕਦੀ ਹੈ। ਗੋਆ ਨੂੰ ਸਾਫ਼-ਸੁਥਰੀ ਰਾਜਨੀਤੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਗੋਆ ਦੀ ਜਨਤਾ ਨੂੰ ਧੋਖਾ ਦਿਤਾ ਹੈ। ਦਿੱਲੀ ’ਚ ਬਿਜਲੀ ਮੁਫ਼ਤ ਤਾਂ ਗੋਆ ’ਚ ਕਿਉਂ ਨਹੀਂ? ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਬਣਾਈ ਸੀ, ਰਾਜਨੀਤੀ ਕਰਨ ਲਈ ਨਹੀਂ ਬਣਾਈ। ਸਾਨੂੰ ਰਾਜਨੀਤੀ ਕਰਨੀ ਹੀ ਨਹੀਂ ਆਉਂਦੀ। ਅਸੀਂ ਲੋਕਾਂ ਦੀ ਦੇਸ਼ ਦੀ ਸੇਵਾ ਲਈ ਪਾਰਟੀ ਬਣਾਈ। ਆਮ ਆਦਮੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਚੋਣ ਲੜੇਗੀ।
ਜ਼ਿਕਰਯੋਗ ਹੈ ਕਿ ਗੋਆ ਦੀ ਯਾਤਰਾ ਤੋਂ ਇਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਗੋਆ ਬਦਲਾਅ ਚਾਹੁੰਦਾ ਹੈ । ਬਹੁਤ ਗੰਦੀ ਰਾਜਨੀਤੀ ਕੀਤੀ ਗਈ ਹੈ। ਪਰ ਹੁਣ ਗੋਆ ਵਿਕਾਸ ਚਾਹੁੰਦਾ ਹੈ। ਫੰਡਾਂ ਦੀ ਕੋਈ ਘਾਟ ਨਹੀਂ ਹੈ, ਸਿਰਫ ਇਮਾਨਦਾਰੀ ਦੀ ਨੀਅਤ ਦੀ ਘਾਟ ਹੈ। ਗੋਆ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ। (ਏਜੰਸੀ)