
ਕਿਸਾਨ ਮੋਰਚੇ 'ਚੋਂ ਗੁਰਨਾਮ ਸਿੰਘ ਚੜੂਨੀ ਨੂੰ ਸੱਤ ਦਿਨ ਲਈ ਕੀਤਾ ਮੁਅੱਤਲ
7 ਦਿਨ ਚੜੂਨੀ ਮੋਰਚੇ ਦੀ ਕਿਸੇ ਸਟੇਜ ਜਾਂ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਸਕਣਗੇ
ਚੰਡੀਗੜ੍ਹ, 14 ਜੁਲਾਈ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਮੋਰਚੇ ਦੀ 8 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ 'ਚੋਂ 7 ਦਿਨ ਲਈ ਮੁਅੱਤਲ ਕਰ ਦਿਤਾ ਹੈ | ਇਹ ਫ਼ੈਸਲਾ ਅੱਜ ਮੋਰਚੇ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ 'ਚ ਲਿਆ ਗਿਆ | ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਸ ਸਬੰਧੀ ਬੀਤੇ ਦਿਨੀਂ ਅਪਣੀ ਮੀਟਿੰਗ 'ਚ ਮਤਾ ਪਾਸ ਕਰ ਕੇ ਕਾਰਵਾਈ ਦੀ ਸਿਫ਼ਾਰਿਸ਼ ਮੋਰਚੇ ਨੂੰ ਕੀਤੀ ਸੀ | 7 ਦਿਨ ਮੁਅੱਤਲੀ ਦੇ ਫ਼ੈਸਲੇ ਤਹਿਤ ਇਨ੍ਹਾਂ ਦਿਨਾਂ 'ਚ ਚੜੂਨੀ ਕਿਸਾਨ ਮੋਰਚੇ ਦੀ ਕਿਸੇ ਸਟੇਜ ਉਪਰ ਨਹੀਂ ਆ ਸਕਣਗੇ ਅਤੇ ਨਾ ਹੀ ਮੋਰਚੇ ਬਾਰੇ ਕੋਈ ਬਿਆਨ ਦੇ ਸਕਣਗੇ | ਕਿਸਾਨ ਅੰਦੋਲਨ ਦੀ ਹਰ ਸਰਗਰਮੀ 'ਚੋਂ 7 ਦਿਨ ਬਾਹਰ ਰਹਿਣਗੇ |
ਅੱਜ ਮੋਰਚੇ ਦੀ ਮੀਟਿੰਗ ਤੋਂ ਬਾਅਦ ਪ੍ਰਮੁੱਖ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਸਿਆ ਕਿ ਇਸ ਸਮੇਂ ਕਿਸਾਨ ਮੋਰਚੇ ਦਾ ਮੁੱਖ ਟੀਚਾ ਕਿਸਾਨੀ ਮੰਗਾਂ ਦੀ ਪ੍ਰਾਪਤੀ ਹੈ, ਜਿਨ੍ਹਾਂ 'ਚ ਖੇਤੀ ਬਿੱਲ ਰੱਦ ਕਰਵਾਉਣਾ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਕਰਵਾਉਣਾ ਹੈ |
ਸਿਆਸਤ 'ਚ ਸ਼ਾਮਲ ਹੋਣ ਦੀ ਕਿਸਾਨ ਮੋਰਚੇ ਦੀ ਇਸ ਸਮੇਂ ਕੋਈ ਨੀਤੀ ਨਹੀਂ | ਉਨ੍ਹਾਂ ਕਿਹਾ ਕਿ ਚੜੂਨੀ ਰੋਕੇ ਜਾਣ ਦੇ ਬਾਵਜੂਦ ਵਾਰ-ਵਾਰ ਸਿਆਸਤ 'ਚ ਹਿੱਸਾ ਲੈਣ ਲਈ ਮਿਸ਼ਨ ਪੰਜਾਬ ਬਾਰੇ ਬਿਆਨ ਦੇ ਰਹੇ ਸਨ | ਇਸ ਨਾਲ ਕਿਸਾਨ ਅੰਦੋਲਨ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਅੰਦੋਲਨ ਸ਼ੁਰੂ ਤੋਂ ਗ਼ੈਰ ਸਿਆਸੀ ਰਿਹਾ ਹੈ | ਰਾਜੇਵਾਲ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਮੋਰਚੇ ਦੀਆਂ ਜਥੇਬੰਦੀਆਂ ਨੂੰ ਚੜੂਨੀ ਵਿਰੁਧ ਅੰਦੋਲਨ ਦਾ ਜ਼ਾਬਤਾ ਭੰਗ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ |