
ਪੁਲਿਸ ਟੀਮ ਨੇ ਲਾਸ਼ ਨੂੰ ਉਤਾਰ ਕੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ।
ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਹੋਸਟਲ ਵਿਚ ਰੇਡਿਓਲੋਜਿਸਟ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਆਰਤੀ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਆਰਤੀ ਬੀਤੀ ਰਾਤ ਹੀ ਆਪਣੇ ਘਰ ਤੋਂ ਵਾਪਸ ਹੋਸਟਲ ਆਈ ਸੀ। ਅੱਜ ਸਵੇਰੇ ਆਰਤੀ ਕਾਫ਼ੀ ਦੇਰ ਤਕ ਕਮਰੇ ਵਿਚੋਂ ਬਾਹਰ ਨਾ ਆਈ ਤਾਂ ਸਾਥੀ ਨਰਸਾਂ ਨੇ ਦਰਵਾਜਾ ਖੜਕਾਇਆ। ਕਈ ਵਾਰ ਦਰਵਾਜਾ ਖੜਕਾਉਣ ’ਤੇ ਨਾ ਅੰਦਰੋਂ ਆਰਤੀ ਦੀ ਆਵਾਜ ਆਈ ਤੇ ਨਾ ਹੀ ਉਸ ਨੇ ਦਰਵਾਜਾ ਖੁੱਲਿਆ। ਹਸਪਤਾਲ ਦੇ ਹੋਰ ਸਟਾਫ ਮੈਂਬਰਾਂ ਵਲੋਂ ਦਰਵਾਜਾ ਤੋੜਿਆ ਗਿਆ ਤਾਂ ਅੰਦਰ ਪੱਖੇ ਨਾਲ ਆਰਤੀ ਦੀ ਲਾਸ਼ ਲਟਕ ਰਹੀ ਸੀ। ਜਿਸ ਤੋਂ ਬਾਅਦ ਮੌਜੂਦ ਲੋਕਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਟੀਮ ਨੇ ਲਾਸ਼ ਨੂੰ ਉਤਾਰ ਕੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ।
ਥਾਣਾ ਸਿਵਲ ਲਾਈਨ ਮੁਖੀ ਵਿਜੇ ਪਾਲ ਨੇ ਦੱਸਿਆ ਕਿ ਹਸਪਤਾਲ ਵਿਚ ਰੇਡੀਓਗ੍ਰਾਫਰ ਵਜੋਂ ਸੇਵਾ ਨਿਭਾਉਣ ਵਾਲੀ ਆਰਤੀ ਦਾ ਤਲਾਕ ਸਬੰਧੀ ਕੇਸ ਚੱਲ ਰਿਹਾ ਹੈ ਤੇ ਕੱਲ੍ਹ ਵੀ ਉਹ ਪੇਸ਼ੀ ਭੁਗਤ ਕੇ ਦੁਪਹਿਰ ਸਮੇਂ ਪਟਿਆਲਾ ਹੋਸਟਲ ਵਿਚ ਪੁੱਜੀ ਸੀ। ਸ਼ੁੱਕਰਵਾਰ ਸਵੇਰੇ ਆਰਤੀ ਆਪਣੀ ਡਿਊਟੀ ’ਤੇ ਨਾ ਪੁੱਜੀ ਤਾਂ ਸਟਾਫ ਮੈਂਬਰ ਕਮਰੇ ਵਿਚ ਦੇਖਣ ਗਏ ਪਰ ਅੰਦਰੋਂ ਆਰਤੀ ਨੇ ਦਰਵਾਜਾ ਨਾ ਖੋਲਿਆ ਤਾਂ ਉਹਨਾਂ ਨੇ ਦਰਵਾਜਾ ਤੋੜ ਦਿੱਤਾ। ਉਨਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।