
ਜਦਕਿ ਹੋਰ ਸੜਕਾਂ ਦੀ ਮੁਰੰਮਤ ਲਈ ਕਰੀਬ 54 ਲੱਖ ਰੁਪਏ ਖਰਚ ਕੀਤੇ ਜਾਣਗੇ
ਚੰਡੀਗੜ੍ਹ : ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਕਈ ਸੜਕਾਂ ਟੁੱਟ ਗਈਆਂ ਸਨ। ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਨਗਰ ਨਿਗਮ ਚੰਡੀਗੜ੍ਹ ਦੇ ਇਕ ਅਧਿਕਾਰੀ ਨੇ ਦਸਿਆ ਕਿ 6 ਮੁੱਖ ਸੜਕਾਂ ਦੀ ਮੁਰੰਮਤ 'ਤੇ ਕਰੀਬ 98 ਲੱਖ ਰੁਪਏ ਖਰਚ ਆਉਣਗੇ।
ਜਦਕਿ ਹੋਰ ਸੜਕਾਂ ਦੀ ਮੁਰੰਮਤ ਲਈ ਕਰੀਬ 54 ਲੱਖ ਰੁਪਏ ਖਰਚ ਕੀਤੇ ਜਾਣਗੇ। ਇਹ ਬਜਟ ਨਗਰ ਨਿਗਮ ਵਲੋਂ ਅਲਾਟ ਕੀਤਾ ਗਿਆ ਹੈ। ਇਸ ਪੈਸੇ ਨਾਲ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸ਼ਾਸਤਰੀ ਨਗਰ ਤੋਂ ਸੰਤ ਕਬੀਰ ਸਕੂਲ ਨੂੰ ਜਾਂਦੀ ਸੜਕ ’ਤੇ ਸੁਖਨਾ ’ਤੇ ਟੁੱਟੇ ਪੁਲ ਦੀ ਵੀ ਇਸ ਪੈਸੇ ਨਾਲ ਮੁਰੰਮਤ ਕੀਤੀ ਗਈ ਹੈ।
ਦੂਜੇ ਪਾਸੇ ਮੁਹਾਲੀ ਦੇ ਡੀਸੀ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਥਿਤੀ ਆਮ ਵਾਂਗ ਬਹਾਲ ਕਰਨ ਲਈ 3 ਦਿਨਾਂ ਦਾ ਸਮਾਂ ਦਿਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ 3 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਵਿਚ ਬਰਸਾਤ ਕਾਰਨ ਖਿੱਲਰੀਆਂ ਸੜਕਾਂ ਅਤੇ ਮਲਬੇ ਨੂੰ ਤੁਰੰਤ ਪ੍ਰਭਾਵ ਨਾਲ ਚੁੱਕਣ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਾਰਿਸ਼ ਤੋਂ ਬਾਅਦ ਪੈਦਾ ਹੋਣ ਵਾਲੀ ਮਹਾਂਮਾਰੀ ਦਾ ਘਰ-ਘਰ ਜਾ ਕੇ ਸਰਵੇਖਣ ਕਰਨ।