
ਬੋਲੇ - “ਘਰ ਦੀ ਕੰਧ ਘਰੇ ਡਿੱਗ ਪਈ”
ਚੰਡੀਗੜ੍ਹ - ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ 24 ਜੁਲਾਈ ਤੋਂ ਯੂ-ਟਿਊਬ ’ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਕਈਆਂ ਨੇ ਸਵਾਲਾਂ ਦੇ ਘੇਰੇ ਵਿਚ ਲਿਆ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਟਵੀਟ ਕਰ ਕੇ ਸਵਾਲ ਕੀਤਾ ਹੈ।
ਉਹਨਾਂ ਨੇ ਟਵੀ ਵਿਚ ਲਿਖਿਆ ਕਿ “ਘਰ ਦੀ ਕੰਧ ਘਰੇ ਡਿੱਗ ਪਈ”, ਧਾਮੀ ਸਾਬ੍ਹ ਤੁਸੀਂ ਮੁੜ ਤੋਂ ਬਾਦਲਾਂ ਦੀਆਂ ਜੇਬਾਂ ਭਰਨ ਦੇ ਤਰੀਕੇ ਲੱਭ ਹੀ ਲਏ ਫਿਰ। ਗੁਰਬਾਣੀ ਪ੍ਰਸਾਰਣ ਦਾ ਹੱਕ ਪੀ.ਟੀ.ਸੀ ਤੋਂ ਲੈ ਕੇ ਹਰਸਿਮਰਤ ਬਾਦਲ ਦੀ ਸੰਸਥਾ ਦੇ ਸੀ.ਈ.ਓ ਨੂੰ ਦੇਣਾ ਸਰਬੱਤ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਧੋਖਾ ਹੈ। ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਨਿਭਾਉਣ ਦੀ ਜਗ੍ਹਾ ਤੁਸੀਂ ਬਾਦਲਾਂ ਨਾਲ ਯਾਰੀਆਂ ਨਿਭਾ ਰਹੇ ਹੋ?''
ਸੁਖਜਿੰਦਰ ਰੰਧਾਵਾ ਦੇ ਇਸ ਟਵੀਟ ਤੋਂ ਬਾਅਦ ਜੰਗ ਛਿੜ ਗਈ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਕਿਹਾ ਕਿ ਪਵਿੱਤਰ ਗੁਰਬਾਣੀ ਦੇ ਟੈਲੀਕਾਸਟ ਨੂੰ ਫਿਰ ਤੋਂ ਬਾਦਲ ਪਰਿਵਾਰ ਦੀ ਕੰਪਨੀ ਦੇ ਖ਼ਾਸ ਬੰਦਿਆਂ ਦੇ ਹੱਥਾਂ 'ਚ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਨੇ ਰਾਜਪਾਲ ਨੂੰ ਖ਼ਾਸ ਤੌਰ 'ਤੇ ਪੱਤਰ ਲਿਖ ਕੇ ਗੁਰਦੁਆਰਾ ਸੋਧ ਐਕਟ 'ਤੇ ਜਲਦ ਦਸਤਖ਼ਤ ਕਰਨ ਲਈ ਵੀ ਕਿਹਾ ਹੈ।