ਬਾਗ਼ੀ ਅਕਾਲੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਪਣਾ ਕਨਵੀਨਰ ਚੁਣਿਆ
Published : Jul 15, 2024, 7:37 pm IST
Updated : Jul 15, 2024, 8:41 pm IST
SHARE ARTICLE
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ

ਖਿੱਚੀ ਗਈ ਹੁਣ ਅਕਾਲੀ ਦਲ ਦੇ ਦੋ ਧੜਿਆਂ ਵਿਚ ਸਪੱਸ਼ਟ ਲਕੀਰ, ਬਾਗ਼ੀ ਧੜੇ ਦੀ ਮੀਟਿੰਗ ’ਚ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੀ ਕੋਰ ਕਮੇਟੀ ਦੇ 7 ਪ੍ਰਮੁੱਖ ਮੈਂਬਰ ਵੀ ਸ਼ਾਮਲ

  • ਸੁਧਾਰ ਲਹਿਰ ਨੂੰ ਪਿੰਡ ਪੱਧਰ ਤਕ ਪੜਾਅਵਾਰ ਯੋਜਨਾਬੱਧ ਤਰੀਕੇ ਨਾਲ ਚਲਾਉਣ ਦਾ ਐਲਾਨ
  • ਬਾਗ਼ੀ ਅਕਾਲੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਦ੍ਰਿੜ੍ਹ
  • ਵੱਖ ਵੱਖ ਮੁੱਦਿਆਂ ’ਤੇ ਪੰਜ ਸੈਮੀਨਾਰ ਤੇ ਸਵਰਗੀ ਆਗੂਆਂ ਦੀ ਯਾਦ ਵਿਚ ਪ੍ਰੋਗਰਾਮ ਕਰਵਾਉਣ ਦੀ ਰੂਪ ਰੇਖਾ ਵੀ ਬਣਾਈ

ਚੰਡੀਗੜ੍ਹ: ਹੁਣ ਅਕਾਲੀ ਦਲ ਅੰਦਰ ਸੁਖਬੀਰ ਬਾਦਲ ਸਮਰਥਕ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਪਦ ਤੋਂ ਲਾਂਭੇ ਕਰਨ ਦੀ ਮੰਗ ਕਰਨ ਵਾਲੇ ਨਾਰਾਜ਼ ਬਾਗ਼ੀ ਅਕਾਲੀ ਆਗੂਆਂ ਦਰਮਿਆਨ ਸਪੱਸ਼ਟ ਲਕੀਰ ਖਿੱਚੀ ਗਈ ਹੈ। ਬਾਗ਼ੀ ਅਕਾਲੀ ਧੜੇ ਦੇ ਆਗੂਆਂ ਨੇ ਅੱਜ ਇਥੇ ਭਰਵੀਂ ਮੀਟਿੰਗ ਕਰ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਮੁਹਿੰਮ ਨੂੰ ਤੇਜ਼ ਕਰਨ ਲਈ 11 ਮੈਂਬਰੀ ਪ੍ਰੀਜ਼ੀਡੀਅਮ ਬਣਾਉਣ ਦਾ ਫ਼ੈਸਲਾ ਲੈਂਦਿਆਂ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਪਣਾ ਕਨਵੀਨਰ ਚੁਣ ਲਿਆ ਹੈ। 

ਮੀਟਿੰਗ ਵਿਚ ਸ਼ਾਮਲ ਸਾਰੇ ਆਗੂ ਇਸ ਗੱਲ ਉਪਰ ਦ੍ਰਿੜ੍ਹ ਸਨ ਕਿ ਹੁਣ ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ ਅਤੇ ਅਕਾਲੀ ਦਲ ਸੁਧਾਰ ਲਹਿਰ ਨੂੰ ਪੜਾਅਵਾਰ ਯੋਜਨਾਬੱਧ ਤਰੀਕੇ ਨਾਲ ਪਿੰਡ ਪੱਧਰ ਤਕ ਚਲਾ ਕੇ ਲੋਕਾਂ ਨੂੰ ਨਾਲ ਜੋੜਨ ਲਈ ਮੁਹਿੰਮ ਤੇਜ਼ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਅਕਾਲੀ ਦਲ ਦੀ ਕੋਰ ਕਮੇਟੀ ਦੇ 7 ਪ੍ਰਮੁੱਖ  ਆਗੂ ਸ਼ਾਮਲ ਸਨ। ਇਨ੍ਹਾਂ ਵਿਚ ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਸੁਰਜੀਤ ਕੌਰ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ ਅਤੇ ਬਲਦੇਵ ਸਿੰਘ ਮਾਨ ਸ਼ਾਮਲ ਹਨ। ਮੀਟਿੰਗ ਵਿਚ ਸ਼ਾਮਲ ਹੋਏ ਹੋਰ ਪ੍ਰਮੁੱਖ ਆਗੂਆਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਗਗਨਜੀਤ ਸਿੰਘ ਬਰਨਾਲਾ, ਭਾਈ ਮਨਜੀਤ ਸਿੰਘ,ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੋਲੀ, ਬੀਬੀ ਕਿਰਨਜੋਤ ਕੌਰ, ਪਰਮਜੀਤ ਕੌਰ ਗੁਲਸ਼ਨ ਅਤੇ ਸਰਵਣ ਸਿੰਘ ਫ਼ਿਲੌਰ ਦੇ ਨਾਮ ਵਰਨਣਯੋਗ ਹਨ। 

ਕਨਵੀਨਰ ਚੁਣੇ ਜਾਣ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਥ ਕਿਸੇ ਇਕ ਧੜੇ ਦਾ ਨਹੀਂ ਅਤੇ ਨਾ ਹੀ ਸਾਡਾ ਕੋਈ ਨਿਜੀ ਮੰਤਵ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣ ਲਈ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਮੰਨ ਕੇ ਲਾਗੂ ਕਰ ਦਿਤੀਆਂ ਹੁੰਦੀਆਂ ਅਤੇ ਲੀਡਰਸ਼ਿਪ ਵਿਚ ਸਿਖਰ ਤੋਂ ਬਦਲਾਅ ਹੁੰਦਾ ਤਾਂ ਪਾਰਟੀ ਦੀ ਇਹ ਸਥਿਤੀ ਅੱਜ ਨਹੀਂ ਸੀ ਹੋਣੀ। ਉਨ੍ਹਾਂ ਕਿਹਾ ਕਿ ਅਸੀ ਪਾਰਟੀ ਨੂੰ ਇਕ ਰੱਖਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਅਤੇ ਜਦ ਪਾਣੀ ਸਿਰ ਤੋਂ ਲੰਘ ਗਿਆ ਤਾਂ ਪਾਰਟੀ ਨੂੰ ਬਚਾਉਣ ਲਈ ਆਵਾਜ਼ ਚੁਕਣੀ ਪਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਹੀ ਫ਼ੈਸਲਾ ਕਰਨਗੇ ਕਿ ਅਸਲੀ ਅਕਾਲੀ ਦਲ ਦੀ ਅਗਵਾਈ ਕਿਸ ਨੇ ਕਰਨੀ ਹੈ। 

ਵਡਾਲਾ ਨੇ ਅੱਜ ਮੀਟਿੰਗ ਵਿਚ ਹੋਏ ਹੋਰ ਫ਼ੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ  ਪੰਜਾਬ ਦੇ ਹਿਤਾਂ ਲਈ ਪੰਜ ਸੈਮੀਨਾਰ ਕਰਵਾਉਣ ਤੋਂ ਇਲਾਵਾ 30 ਜੁਲਾਈ ਨੂੰ ਜਥੇ. ਮੋਹਨ ਸਿੰਘ ਤੁੜ ਦੀ ਬਰਸੀ, 20 ਅਗੱਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ, 24 ਸਤੰਬਰ ਨੂੰ ਜਥੇ. ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ  ਦਿਨ ਵੱਡਾ ਪ੍ਰੋਗਰਾਮ ਕਰ ਕੇ ਮਨਾਇਆ ਜਾਵੇਗਾ। ਪੰਜਾਬ ਦੇ ਹਿਤਾਂ ਦੀ ਰਾਖੀ ਲਈ ਅਤੇ ਲੋਕਾਂ ਨੂੰ ਪੰਜਾਬ ਨਾਲ ਹੋ ਰਹੇ ਧੱਕੇ ਪ੍ਰਤੀ ਜਾਗਰੂਕ ਕਰਨ, ਪੰਜਾਬ ਦੇ ਪਾਣੀਆਂ ਤੇ ਖੇਤੀਬਾੜੀ ਦੇ ਮਸਲੇ, ਲੀਡਰਸ਼ਿਪ ਕਰਾਈਸਜ਼, ਪੰਥਕ ਮਸਲੇ ਤੇ ਐਸਜੀਪੀਸੀ ਵਿਚ ਸੁਧਾਰ ਸਬੰਧੀ, ਚੰਡੀਗੜ੍ਹ ਵਿਚ ਪੰਜਾਬੀ ਬੋਲੀ ਤੇ ਹੋਰ ਮਸਲੇ, ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ ਵਾਪਸ ਲਿਆਉਣ, ਨਵੇਂ ਤਾਨਾਸ਼ਾਹੀ ਕਾਨੂੰਨਾਂ ਦੇ ਵਿਰੋਧ, ਸਿੱਖ ਨੌਜਵਾਨਾਂ ’ਤੇ ਐਨ.ਐਸ.ਏ ਲਗਾਉਣ ਦਾ ਵਿਰੋਧ ਸਮੇਤ ਨੌਜੁਆਨਾਂ ਦੇ ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੇ ਅਹਿਮ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੰਜ ਸੈਮੀਨਾਰ ਕਰਵਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਇਹ ਸੈਮੀਨਾਰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਫ਼ਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਚੰਡੀਗੜ੍ਹ ਵਿਚ ਹੋਣਗੇ। 

ਪੰਥਕ ਹਿਤਾਂ ਦੀ ਰਾਖੀ ਲਈ ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਵੀ ਅਪੀਲ ਕੀਤੀ ਗਈ। ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲਿਆਂ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੇ ਲੀਡਰ ਸਾਹਿਬਾਨ ਸੁਖਬੀਰ ਸਿੰਘ ਬਾਦਲ ਕਰ ਕੇ ਪਾਰਟੀ ਛੱਡ ਕੇ ਗਏ ਹਨ ਜਾਂ ਬਿਨਾਂ ਕਿਸੇ ਦੋਸ਼ ਕਾਰਨ ਪਾਰਟੀ ਵਿਚੋਂ ਕੱਢੇ ਗਏ ਹਨ, ਉਨ੍ਹਾਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਤਾਕਿ ਵਾਪਸ ਪਾਰਟੀ ਵਿਚ ਆ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ। 

ਵਖਰੀਆਂ ਮੀਟਿੰਗਾਂ ਕਰਨ ਵਾਲੇ ਆਗੂ ਅਪਣੇ ਆਪ ਨੂੰ ਪਾਰਟੀ ਤੋਂ ਬਾਹਰ ਸਮਝਣ : ਭੂੰਦੜ

ਅੱਜ ਚੰਡੀਗੜ੍ਹ ਵਿਚ ਬਾਗ਼ੀ ਅਕਾਲੀ ਧੜੇ ਦੀ ਮੀਟਿੰਗ ਨੂੰ ਦੇਖਦਿਆਂ ਉਨ੍ਹਾਂ ਵਲੋਂ ਮੁੱਖ ਦਫ਼ਤਰ ਵਿਚ ਵੜਨ ਦੀ ਸਥਿਤੀ ਨੂੰ ਦੇਖਦਿਆਂ ਬਾਦਲ ਦਲ ਵਲੋਂ ਵੀ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿਚ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਸੈਂਕੜੇ ਆਗੂ ਅਤੇ ਵਰਕਰ ਬੁਲਾਏ ਗਏ ਸਨ ਤਾਂ ਜੋ ਬਾਗ਼ੀ ਆਗੂ ਮੁੱਖ ਦਫ਼ਤਰ ਦਾਖ਼ਲ ਹੋਣ ਦੀ ਕੋਸ਼ਿਸ਼ ਨਾ ਕਰਨ। ਮੁੱਖ ਦਫ਼ਤਰ ਵਿਚ ਹੋਈ ਮੀਟਿੰਗ ਦੀ ਅਗਵਾਈ ਅਨੁਸ਼ਾਸਨੀ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ। ਇਸ ਮੀਟਿੰਗ ਬਾਅਦ ਭੂੰਦੜ ਨੇ ਕਿਹਾ ਕਿ ਜੋ ਆਗੂ ਪਾਰਟੀ ਤੋਂ ਵਖਰੀਆਂ ਮੀਟਿੰਗਾਂ ਕਰ ਰਹੇ ਹਨ ਉਹ ਅਪਣੇ ਆਪ ਨੂੰ ਪਾਰਟੀ ਤੋਂ ਬਾਹਰ ਹੀ ਸਮਝਣ ਅਤੇ ਸਾਨੂੰ ਇਨ੍ਹਾਂ ਨੂੰ ਕੱਢਣ ਦੀ ਲੋੜ ਹੀ ਨਹੀਂ। ਡਾ. ਚੀਮਾਨੇ ਕਿਹਾ ਕਿ ਪਾਰਟੀ ਦੇ ਮੁੱਖ ਦਫ਼ਤਰ ਦੀ ਕੁੰਜੀ ਪਾਰਟੀ ਪ੍ਰਧਾਨ ਕੋਲ ਹੀ ਹੈ ਅਤੇ ਇਸ ਵਿਚ ਹਰ ਨੂੰ ਮੀਟਿੰਗ ਲਈ ਥਾਂ ਨਹੀਂ ਮਿਲ ਸਕਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement