
ਕਿਸਾਨਾਂ ਨਾਲ ਸ਼ੁਰੂ ਤੋਂ ਖੜਾ ਹਾਂ ਤੇ ਅੱਗੇ ਵੀ ਡਟ ਕੇ ਮਦਦ ਕਰਦਾ ਰਹਾਂਗਾ: ਕੈਪਟਨ ਅਮਰਿੰਦਰ ਸਿੰਘ
ਕਿਹਾ, ਮੇਰੇ ਨਾਂ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਫ਼ਰਜ਼ੀ ਟਵੀਟ ਕਰਨ ਵਾਲੇ ਸ਼ਰਾਰਤੀ ਜਾਂ ਕਿਸੇ ਦੀ ਬਦਮਾਸ਼ੀ
ਚੰਡੀਗੜ੍ਹ, 14 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਲਾਈਆਂ ਜਾ ਰਹੀਆਂ ਅਟਕਲਾਂ ਤੇ ਕੱਢੇ ਜਾ ਰਹੇ ਵਖਰੇ ਮਾਇਨਿਆਂ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ | ਅੱਜ ਮੁੱਖ ਮੰਤਰੀ ਨੇ ਟਵੀਟ ਕਰ ਕੇ ਅਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਜਾਰੀ ਕੀਤੇ ਵੀਡਿਓ ਸੰਦੇਸ਼ 'ਚ ਕਿਹਾ ਹੈ ਕਿ ਕਿਸੇ ਵਲੋਂ ਮੇਰੇ ਨਾਂ 'ਤੇ ਫ਼ਰਜ਼ੀ ਟਵੀਟ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਕਿਸਾਨਾਂ ਦਾ ਅੰਦੋਲਨ ਖ਼ਾਲਿਸਤਾਨ ਤੇ ਪਾਕਿਸਤਾਨ ਪੱਖੀ ਹੈ | ਉਨ੍ਹਾਂ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਬਦਮਾਸ਼ੀ ਹੈ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਹੱਕ ਵਿਚ ਡਟ ਕੇ ਖੜੇ ਹਨ ਅਤੇ ਹੁਣ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਵੀ ਕਿਸਾਨਾਂ ਦੇ ਮਾਮਲੇ ਨੂੰ ਖ਼ਤਮ ਕਰਵਾਉਣ ਲਈ ਇਸ ਦਾ ਛੇਤੀ ਹੱਲ ਕੱਢਣ ਲਈ ਜ਼ੋਰ ਪਾਇਆ ਹੈ | ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਿਸਾਨਾਂ ਦੀ ਮਦਦ ਕਰ ਰਿਹਾ ਹਾਂ ਅਤੇ ਅੱਗੇ ਵੀ ਡਟ ਕੇ ਕਿਸਾਨਾਂ ਨਾਲ ਖੜਾ ਰਹਾਂਗਾ ਜਦ ਤਕ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਨਹੀਂ ਹੁੰਦਾ | ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 101 ਫ਼ੀ ਸਦੀ ਕਿਸਾਨਾਂ ਨਾਲ ਹਾਂ | ਉਨ੍ਹਾਂ ਕਿਸਾਨਾਂ ਤੇ ਹੋਰ ਲੋਕਾ ਨੂੰ ਗ੍ਰਲਤ ਪ੍ਰਚਾਰ ਤੇ ਫ਼ਰਜ਼ੀ ਟਵੀਟ ਪਾਉਣ ਵਾਲੇ ਸ਼ਰਾਰਤੀ ਤੇ ਬਦਮਾਸ਼ ਲੋਕਾਂ ਤੋਂ ਬਚਣ ਦੀ ਅਪੀਲ ਕੀਤੀ |