
ਪੁਰਾਣੀ ਪੈਨਸ਼ਨ ਦੀ ਬਹਾਲੀ ਮੁਲਾਜ਼ਮਾਂ ਨੇ ਘੇਰਿਆ ਡਿਪਟੀ ਸਪੀਕਰ ਦਾ ਘਰ
ਬਠਿੰਡਾ, 14 ਅਗੱਸਤ (ਸੁਖਜਿੰਦਰ ਮਾਨ): ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਕਮੇਟੀ ਦੇ ਸੱਦੇ ਹੇਠ ਵੱਡੀ ਤਾਦਾਦ ਵਿਚ ਇਕੱਤਰ ਹੋਏ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਪੁਲਿਸ ਦੁਆਰਾ ਲਗਾਏ ਬੈਰੀਕੇਡ ਤੋੜਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਸਥਾਨਕ ਮਾਡਲ ਟਾਊਨ 'ਚ ਸਥਿਤ ਰਿਹਾਇਸ਼ ਦਾ ਘਿਰਾਉ ਕੀਤਾ | ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਅਪਣੀ ਮੰਗ ਪੂਰੀ ਕਰਨ ਲਈ ਕਾਂਗਰਸੀ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿਤੇ ਸਨ | ਕਮੇਟੀ ਦੇ ਸੂਬਾ ਕੋ ਕਨਵੀਨਰ ਜਗਸੀਰ ਸਹੋਤਾ, ਜ਼ਿਲ੍ਹਾ ਕਨਵੀਨਰ ਦਵਿੰਦਰ ਸਿੰਘ, ਸ਼ਪਿੰਦਰ ਬਰਾਡ ਤੇ ਰਾਜਵੀਰ ਮਾਨ ਆਦਿ ਨੇ ਦੋਸ਼ ਲਗਾਇਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮੁਲਾਜ਼ਮਾਂ ਵਿਰੁਧ ਅਪਣਾਏ ਜਾ ਰਹੇ ਅੜੀਅਲ ਰਵਈਏ ਕਾਰਨ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸੁਹਿਰਦਤਾ ਨਹੀਂ ਵਿਖਾ ਰਹੀ | ਜ਼ਿਲ੍ਹਾ ਕਮੇਟੀ ਮੈਂਬਰ ਕੁਲਵਿੰਦਰ ਕਟਾਰੀਆ, ਜਗਦੀਸ਼ ਕੁਮਾਰ, ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਤੇ ਡੀ.ਐਮ.ਐਫ. ਦੇ ਆਗੂ ਸਿਕੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਹੋਂਦ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਨੇ ਵਾਅਦਾ ਖਿਲਾਫ਼ੀ ਕੀਤੀ ਹੈ | ਡਿਪਟੀ ਸਪੀਕਰ ਭੱਟੀ ਨੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਇਹ ਮਾਮਲਾ ਮੁੱਖ ਮੰਤਰੀ ਕੋਲ ਉਠਾਉਣ ਦਾ ਭਰੋਸਾ ਦਿਤਾ |
ਇਸ ਖ਼ਬਰ ਨਾਲ ਸਬੰਧਤ ਫੋਟੋ 14 ਬੀਟੀਆਈ 01 ਵਿਚ ਹੈ |
ਪੁਲਿਸ ਪ੍ਰਸ਼ਾਸਨ ਨਾਲ ਧੱਕਾਮੁੱਕੀ ਤੋਂ ਬਾਅਦ ਤੋੜੇ ਬੈਰੀਕੇਡ