
ਸ ਬਾਦਲ ਨੇ ਕਿਹਾ ਕਿ ਅੱਜ ਤੱਕ ਪੂਰੇ ਸੰਸਾਰ ਵਿੱਚ ਕਿਸੇ ਵੀ ਧਾਰਮਿਕ ਸਥਾਨ ਲਈ ਕੋਈ ਵੀ ਅਜਿਹੀ ਫੀਸ ਨਹੀਂ ਰੱਖੀ ਗਈ , ਜਿਸ ਦੇ ਚੱਲਦੇ ਪਾਕਿਸਤਾਨ ਸਰਕਾਰ ਨੂੰ...
ਬਠਿੰਡਾ (ਸੁਖਜਿੰਦਰ ਮਾਨ): ਕਰਤਾਰਪੁਰ ਕੋਰੀਡੋਰ ਦੇ ਲਈ ਪਾਕਿਸਤਾਨ ਸਰਕਾਰ ਵਲੋਂ ਸ਼ਰਧਾਲੂਆਂ ਲਈ ਰੱਖੀ ਫੀਸ ਦੀ ਨਿੰਦਿਆਂ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਦਲ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ । ਬਠਿੰਡਾ ਵਿਚ ਇਕ ਨਿੱਜੀ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਬਾਦਲ ਨੇ ਕਿਹਾ ਕਿ ਅੱਜ ਤੱਕ ਪੂਰੇ ਸੰਸਾਰ ਵਿੱਚ ਕਿਸੇ ਵੀ ਧਾਰਮਿਕ ਸਥਾਨ ਲਈ ਕੋਈ ਵੀ ਅਜਿਹੀ ਫੀਸ ਨਹੀਂ ਰੱਖੀ ਗਈ , ਜਿਸ ਦੇ ਚੱਲਦੇ ਪਾਕਿਸਤਾਨ ਸਰਕਾਰ ਨੂੰ ਵੀ ਅਪਣੇ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ
ਤਾਂ ਕਿ ਸ਼ਰਧਾਲੂ ਬਿਨਾਂ ਆਰਥਿਕ ਬੋਝ ਤੋਂ ਅਪਣੇ ਅਕੀਦੇ ਦੇ ਦਰਸ਼ਨ ਕਰ ਸਕਣ । ਹਰਿਆਣਾ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦੀ ਭੂਮਿਕਾ ਸਬੰਧੀ ਪੁੱਛੇ ਜਾਣ ਤੇ ਗੋਲਮੋਲ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਾਤੀ ਤੌਰ ਤੇ ਭਾਜਪਾ ਦੇ ਨਾਲ ਚੱਲਣ ਦੇ ਹੱਕ ਵਿੱਚ ਹਨ ਪ੍ਰੰਤੂ ਇਸ ਸਬੰਧੀ ਫ਼ੈਸਲਾ ਪਾਰਟੀ ਦੇ ਕੋਰ ਕਮੇਟੀ ਅਤੇ ਪ੍ਰਧਾਨ ਨੇ ਲੈਣਾ ਹੈ । ਸੂਬੇ ਦੀ ਕੈਪਟਨ ਹਕੂਮਤ ਤੇ ਹਮਲੇ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ।
ਉਨ੍ਹਾਂ ਕੈਪਟਨ ਅਤੇ ਬਾਦਲ ਪਰਵਾਰ ਵਿਚ ਕੋਈ ਅੰਦਰੂਨੀ ਸਮਝੌਤਾ ਹੋਣ ਦੀਆਂ ਚੱਲ ਰਹੀਆਂ ਅਫ਼ਵਾਹਾਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਕਦੇ ਵੀ ਕਾਂਗਰਸ ਪਾਰਟੀ ਦੇ ਬੰਦਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤਾਲਮੇਲ ਨਹੀਂ ਰੱਖ ਸਕਦੇ ਕਿਉਂਕਿ ਕਾਂਗਰਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਪਰ ਕੀਤੇ ਹਮਲੇ ਅਤੇ ਚੁਰਾਸੀ ਦੇ ਸਿੱਖ ਕਤਲੇਆਮ ਨੂੰ ਕੋਈ ਵੀ ਪੰਜਾਬੀ ਨਹੀਂ ਭੁੱਲ ਸਕਦਾ ।