ਦੋ ਅਪਰਾਧੀਆਂ ਦੀ ਗ੍ਰਿਫ਼ਤਾਰੀ ਨਾਲ ਖ਼ਾਲਿਸਤਾਨੀ ਪੱਖੀ ਅਤਿਵਾਦੀਆਂ ਦਾ ਪਰਦਾਫ਼ਾਸ਼
ਚੰਡੀਗੜ੍ਹ, 15 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ ਵੱਡੀ ਦਹਿਸ਼ਤਗਰਦੀ ਘਟਨਾ ਨੂੰ
ਰੋਕਦਿਆਂ ਪੰਜਾਬ ਪੁਲਿਸ ਨੇ ਖ਼ਾਲਿਸਤਾਨ-ਪੱਖੀ ਅਤਿਵਾਦੀ ਮੌਡਿਊਲ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਤਹਿਤ ਪੰਜ ਅਪਰਾਧੀਆਂ ਦੀ ਮਿਲੀਭੁਗਤ ਨਾਲ ਕੰਮ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦਾ ਮੌਜੂਦਾ ਸਮੇਂ ਅੰਮ੍ਰਿਤਸਰ ਜੇਲ ਵਿਚ ਬੰਦ ਕੇਜ਼ੈਡਐਫ਼ ਓਪਰੇਟਿਵ ਨਾਲ ਸਬੰਧ ਸੀ। ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਅਤਿਵਾਦੀ ਹਮਲੇ ਕਰ ਕੇ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕੁੱਝ ਖ਼ਾਲਿਸਤਾਨ-ਪੱਖੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਬਾਰੇ ਜਾਣਕਾਰੀ ਦੇ ਅਧਾਰ 'ਤੇ ਪਾਕਿਸਤਾਨ ਦੇ ਸਮਰਥਨ ਵਾਲੇ ਮੌਡੀਊਲ ਦਾ ਪਰਦਾਫ਼ਾਸ਼ ਕੀਤਾ ਗਿਆ।
ਗੁਪਤਾ ਨੇ ਦਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਹਰਜੀਤ ਸਿੰਘ ਉਰਫ਼ ਰਾਜੂ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਦੋਵੇਂ ਵਸਨੀਕਾਂ ਦੀ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਤੋਂ ਗ੍ਰਿਫ਼ਤਾਰੀ ਕੀਤੀ ਗਈ। ਇਨ੍ਹਾਂ ਦੋਵਾਂ ਕੋਲੋਂ 6 ਅਤਿਵਾਦੀ ਹਥਿਆਰ (ਇਕ 9 ਐਮ.ਐਮ. ਪਿਸਤੌਲ, ਚਾਰ .32 ਪਿਸਤੌਲ ਅਤੇ ਇਕ .32 ਰਿਵਾਲਵਰ), 8 ਜ਼ਿੰਦਾ ਰਾਉਂਡ ਕਾਰਤੂਸ, ਕਈ ਮੋਬਾਈਲ ਫ਼ੋਨ ਅਤੇ ਇਕ ਇੰਟਰਨੈਟ ਡੌਂਗਲ ਬਰਾਮਦ ਕੀਤੇ ਗਏ ਹਨ।