
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਅੱਜ ਇਥੇ ਗੁਰਦੁਆਰਾ ....
ਪਟਿਆਲਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਅੱਜ ਇਥੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸਨ ਦੇ 76ਵੇਂ ਸਥਾਪਨਾ ਦਿਵਸ ਸਮਾਗਮ 'ਚ ਭਾਗ ਲੈਣ ਆਏ ਸਨ, ਨੇ ਅਪਣੇ ਸੰਦੇਸ਼ 'ਚ ਆਖਿਆ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ 'ਚ ਪੰਜਾਬੀ ਨੂੰ ਰਾਜ ਭਾਸ਼ਾਵਾਂ 'ਚ ਬਾਹਰ ਕੱਢ ਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ।
Giani Harpreet Singh Jathedar
ਉਨ੍ਹਾਂ ਆਖਿਆ ਕਿ ਇਹ ਸੱਭ ਕੁੱਝ ਇਕ ਸਾਜ਼ਸ਼ ਰਾਹੀਂ ਹੀ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਅਜਿਹਾ ਭੁਲੇਖਾ ਨਾ ਰੱਖੇ ਕਿ ਸਿੱਖਾਂ ਨੂੰ ਪੰਜਾਬੀ ਭਾਸ਼ਾ ਤੋਂ ਮਰਹੂਮ ਰੱਖ ਕੇ ਸਿੱਖ ਜਮਾਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
SIKH
ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਗੁਆਂਢੀ ਸੂਬਿਆਂ 'ਚ ਵੀ ਦੂਸਰੀ ਭਾਸ਼ਾਵਾਂ ਨੂੰ ਲਾਗੂ ਕਰ ਕੇ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਗਏ, ਪਰ ਸਿੱਖਾਂ ਨੂੰ ਮੁਕਾ ਦੇਣ ਵਾਲੇ ਭਰਮ ਭੁਲੇਖਿਆਂ ਦੀ ਮਿਸਾਲ ਜੰਮੂ ਕਸ਼ਮੀਰ ਤੋਂ ਲਈ ਜਾ ਸਕਦੀ ਹੈ, ਜਿਥੇ ਅੱਜ ਸੱਤ ਲੱਖ ਤੋਂ ਵੱਧ ਸਿੱਖਾਂ ਦੀ ਵਸੋਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਨਾ ਤਾਂ ਸਿੱਖ ਮੁਕੇ ਹਨ ਅਤੇ ਨਾ ਪੰਜਾਬੀ ਭਾਸ਼ਾ ਖ਼ਤਮ ਹੋ ਸਕੀ ਹੈ।
photo
ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਆਪਣੇ ਮਨਸੂਬਿਆਂ 'ਚ ਕਦੇ ਵੀ ਸਫ਼ਲ ਨਹੀਂ ਹੋਣਗੀਆਂ। 'ਜਥੇਦਾਰ' ਨੇ ਕਿਹਾ ਕਿ ਅੱਜ ਸਿੱਖ ਜਮਾਤ ਨੂੰ ਆਪਸ 'ਚ ਉਲਝਣ ਦੀ ਬਜਾਏ ਸ਼ਬਦੀ ਬੰਦੂਕਾਂ ਨਾਲ ਦਿੱਲੀ ਵਲ ਸੇਧਤ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਦੇ ਇਸ ਸਥਾਪਨਾ ਦਿਵਸ ਮੌਕੇ ਸਾਰਿਆਂ ਨੂੰ ਫ਼ੈਡਰੇਸ਼ਨ ਦੇ ਪਲੇਟਫ਼ਾਰਮ 'ਤੇ ਇਕੱਤਰ ਹੋ ਕੇ ਸਿੱਖ ਸਿਆਸਤ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਰਨੈਲ ਸਿੰਘ ਪੀਰ ਮੁਹੰਮਦ ਤੇ ਜਗਰੂਪ ਸਿੰਘ ਚੀਮਾ ਦੇ ਇਕ ਮੰਚ 'ਤੇ ਆਉਣ ਦੀ ਸ਼ਲਾਘਾ ਕੀਤੀ।