
ਜਮਾਤ–ਏ-ਕਾਦਿਆਨ ਨੂੰ ਲੈ ਕੇ ਪੰਜਾਬ ਦੇ ਮੁਸਲਮਾਨਾਂ ਨੇ ਦਿਤਾ ਮੰਗ ਪੱਤਰ......
ਲੁਧਿਆਣਾ : ਅੱਜ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਦੇ ਦਫ਼ਤਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ। ਇਸ ਮੌਕੇ ਨਾਇਬ ਸ਼ਾਹੀ ਇਮਾਮ ਨੇ ਪੰਜਾਬ ਦੇ ਮੁਸਲਮਾਨਾਂ ਵਲੋਂ ਇਕ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦਿਤਾ ਅਤੇ ਦਸਿਆ ਕਿ ਗੁਰਦਾਸਪੁਰ ਕਾਦਿਆਨ ਨਾਲ ਸਬੰਧਤ ਜਮਾਤ-ਏ-ਕਾਦਿਆਨ ਦਾ ਇਸਲਾਮ ਧਰਮ ਨਾਲ ਕੋਈ ਸਬੰਧ ਨਹੀਂ ਹੈ।
ਨਾਇਬ ਸ਼ਾਹੀ ਇਮਾਮ ਨੇ ਦਸਿਆ ਕਿ ਇਸਲਾਮ ਧਰਮ 'ਚ ਇਹ ਹੁਕਮ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀਵਸੱਲਮ ਤੋਂ ਬਾਅਦ ਹੁਣ ਕੋਈ ਪੈਗੰਬਰ ਨਹੀਂ ਆਵੇਗਾ। ਸਾਰੇ ਮੁਸਲਮਾਨਾਂ ਨੂੰ ਕੁਰਆਨ ਅਤੇ ਹਦੀਸ ਮੁਤਾਬਕ ਚਲਣਾ ਪਵੇਗਾ। ਪ੍ਰੰਤੂ ਕਾਦਿਆਨੀ ਜਮਾਤ ਨੇ ਅੰਗਰੇਜ਼ੀ ਹਕੂਮਤ ਦੌਰਾਨ ਮਿਰਜਾ ਗੁਲਾਮ ਨੂੰ ਨਬੀ ਬਣਾ ਕੇ ਇਸਲਾਮ ਦੇ ਮੂਲ ਰੂਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਪਿੱਛੇ ਅੰਗਰੇਜ਼ੀ ਹਕੂਮਤ ਦੀ ਸਾਜ਼ਸ਼ ਸੀ ਕਿ ਮੁਸਲਮਾਨਾਂ ਦਾ ਧਿਆਨ ਜੰਗ-ਏ-ਆਜ਼ਾਦੀ ਤੋਂ ਹਟਾ ਦਿਤਾ ਜਾਵੇ।
ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬ ਭਰ ਦੇ ਮੁਸਲਮਾਨ 'ਜਥੇਦਾਰ' ਨੂੰ ਗੁਜਾਰਸ਼ ਕਰਦੇ ਹਨ ਕਿ ਅਕਾਲ ਤਖ਼ਤ ਸਾਹਿਬ ਤੋਂ ਕਾਦਿਆਨ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਸਿੱਖ ਜਥੇਬੰਦੀਆਂ ਨੂੰ ਰੋਕਿਆ ਜਾਵੇ ਕਿਉਂਕਿ ਉਨ੍ਹਾਂ ਦੇ ਜਲਸੇ 'ਚ ਜਾਣ ਨਾਲ ਕਾਦਿਆਨੀ ਜਮਾਤ ਦੇ ਝੂਠੇ ਪ੍ਰਚਾਰ ਨੂੰ ਬਲ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਵੀ ਕਾਦਿਆਨ ਬੁਲਾਇਆ ਗਿਆ ਸੀ ਪ੍ਰੰਤੂ ਸਮਾਂ ਰਹਿੰਦੇ ਸ਼ਾਹੀ ਇਮਾਮ ਪੰਜਾਬ ਵਲੋਂ ਹਕੀਕਤ ਦਸਣ 'ਤੇ ਉਨ੍ਹਾਂ ਅਪਣਾ ਪ੍ਰੋਗਰਾਮ ਰੱਦ ਕਰ ਦਿਤਾ ਸੀ।
ਨਾਇਬ ਸ਼ਾਹੀ ਇਮਾਮ ਦੀ ਗੱਲ ਸੁਣ ਕੇ 'ਜਥੇਦਾਰ' ਨੇ ਕਿਹਾ,''ਮੈਂ ਪਵਿੱਤਰ ਕੁਰਆਨ ਸ਼ਰੀਫ਼ ਦਾ ਪੰਜਾਬੀ 'ਚ ਅਨੁਵਾਦ ਕਰ ਚੁਕਾ ਹਾਂ ਅਤੇ ਇਸਲਾਮੀ ਸ਼ਰੀਅਤ ਤੋਂ ਚੰਗੀ ਤਰ੍ਹਾਂ ਜਾਣੂ ਹਾਂ।' ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਸਲਮਾਨ ਬੇਫ਼ਿਕਰ ਰਹਿਣ ਕਿ ਸਿੱਖ ਸਮਾਜ ਕਦੇ ਵੀ ਕਿਸੇ ਅਜਿਹੇ ਵਿਅਕਤੀ ਅਤੇ ਜਥੇਬੰਦੀ ਦੀ ਹਮਾਇਤ ਨਹੀਂ ਕਰਦਾ ਜੋ ਕਿਸੇ ਧਰਮ ਦੀ ਮੂਲ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ। ਉਨ੍ਹਾਂ ਭਰੋਸਾ ਦਿਤਾ ਕਿ ਉਹ ਕਾਦਿਆਨੀ ਜਮਾਤ ਦੇ ਪ੍ਰੋਗਰਾਮ 'ਚ ਕਦੇ ਵੀ ਸ਼ਾਮਲ ਨਹੀਂ ਹੋਣਗੇ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ, ਸ. ਗੁਰਪ੍ਰੀਤ ਸਿੰਘ ਵਿੰਕਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।