
'ਸਪੋਕਸਮੈਨ' ਦੇ ਲੇਖਕ ਰਾਜਬੀਰ ਸਿੰਘ ਰਿਕਸ਼ੇ ਵਾਲਾ ਨੂੰ ਮਿਲੇਗਾ ਭਗਤ ਪੂਰਨ ਸਿੰਘ ਐਵਾਰਡ
ਟਿੱਲਾ ਬਾਬਾ ਫ਼ਰੀਦ ਚੈਰੀਟੇਬਲ ਸੁਸਾਇਟੀ ਵਲੋਂ 2021 ਦੇ ਐਵਾਰਡਾਂ ਦਾ ਐਲਾਨ
ਫ਼ਰੀਦਕੋਟ, 14 ਸਤੰਬਰ (ਗੁਰਿੰਦਰ ਸਿੰਘ) : 'ਰੋਜ਼ਾਨਾ ਸਪੋਕਸਮੈਨ' ਦੀ ਬਦੌਲਤ ਲੇਖਕ ਬਣੇ ਰਾਜਬੀਰ ਸਿੰਘ ਰਿਕਸ਼ੇ ਵਾਲਾ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਮਨੁੱਖਤਾ ਦੀ ਭਲਾਈ ਅਰਥਾਤ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਆ ਜਾਵੇਗਾ | ਗੁਰਦਵਾਰਾ ਗੋਦੜੀ ਸਾਹਿਬ ਬਾਬਾ ਫ਼ਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫ਼ਰੀਦ ਦੇ ਪ੍ਰਧਾਨ ਇੰਦਰਜੀਤ ਸਿੰਘ ਸੇਖੋਂ ਨੇ ਦਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਰੋਹ ਲਈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ |
ਉਨ੍ਹਾਂ ਦਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ 2021 ਲਈ ਗੁ: ਟਿੱਲਾ ਬਾਬਾ ਫ਼ਰੀਦ ਕਮੇਟੀ ਅਤੇ ਗੁ: ਗੋਦੜੀ ਸਾਹਿਬ ਕਮੇਟੀ ਨੇ ਬਾਬਾ ਫ਼ਰੀਦ ਐਵਾਰਡ ਫ਼ਾਰ ਔਨੈਸਟੀ ਲਈ ਕੁਮਾਰ ਸੋਰਭ ਰਾਜ ਤਤਕਾਲੀਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਚੁਣ ਕੇ 23 ਸਤੰਬਰ ਨੂੰ ਗੁ: ਗੋਦੜੀ ਸਾਹਿਬ ਸਮਾਗਮ ਸਮਾਰੋਹ 'ਚ ਸਟੇਜ 'ਤੇ 1 ਲੱਖ ਰੁਪਏ ਦੀ ਨਕਦ ਰਾਸ਼ੀ, ਦੁਸ਼ਾਲਾ, ਸਿਰੋਪਾਉ ਅਤੇ ਸਾਈਟੇਸ਼ਨ ਦੇ ਕੇ ਸਨਮਾਨਤ ਕੀਤਾ ਜਾਵੇਗਾ ਜਦਕਿ ਭਗਤ ਪੂਰਨ ਸਿੰਘ ਐਵਾਰਡ ਫ਼ਾਰ ਸਰਵਿਸ-ਟੂ-ਹਿਊਮੈਂਟੀ ਲਈ ਰਾਜਬੀਰ ਸਿੰਘ ਰਿਕਸ਼ੇ ਵਾਲਾ, ਛੇਹਰਟਾ ਜ਼ਿਲ੍ਹਾ ਅੰਮਿ੍ਤਸਰ ਨੂੰ ਵੀ 1 ਲੱਖ ਦੀ ਨਕਦ ਰਾਸ਼ੀ, ਦੁਸ਼ਾਲਾ, ਸਿਰੋਪਾਉ ਅਤੇ ਸਾਈਟੇਸ਼ਨ ਨਾਲ ਦੁਪਹਿਰ 1.00 ਵਜੇ ਨਿਵਾਜਿਆ ਜਾਵੇਗਾ, ਨਾਲ ਹੀ ਉਨ੍ਹਾਂ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ 23 ਸਤੰਬਰ ਨੂੰ ਸਵੇਰੇ 9:00 ਵਜੇ ਗੁ: ਟਿੱਲਾ ਬਾਬਾ ਫ਼ਰੀਦ ਜੀ ਤੋਂ ਸਰਕਾਰ ਦੇ ਹੁਕਮਾਂ ਅਨੁਸਾਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸੰਗਤਾਂ ਗੁ: ਗੌਦੜੀ ਸਾਹਿਬ ਵਿਖੇ ਨਗਰ ਕੀਰਤਨ ਨਾਲ ਗੋਦੜੀ ਸਾਹਿਬ ਦੇ ਹਾਲ 'ਚ ਪਹੁੰਚਣਗੀਆਂ | ਜਿਥੇ ਇਹ ਦੋਵੇਂ ਐਵਾਰਡ ਭਾਈ ਕਾਹਨ ਸਿੰਘ ਗੋਨਿਆਣਾ ਮੰਡੀ ਵਲੋਂ ਭੇਂਟ ਕੀਤੇ ਜਾਣਗੇ |
ਅੰਤ 'ਚ ਉਨ੍ਹਾਂ ਕਿਹਾ ਕਿ ਸਾਲ 2000 ਤੋਂ ਲੈ ਕੇ ਹੁਣ ਤਕ, ਬਾਬਾ ਫ਼ਰੀਦ ਐਵਾਰਡ ਫ਼ਾਰ ਔਨੈਸਟੀ ਕੁਲ 32 ਇਮਾਨਦਾਰ ਸ਼ਖ਼ਸੀਅਤਾਂ ਨੂੰ ਜਦਕਿ ਭਗਤ ਪੂਰਨ ਸਿੰਘ ਐਵਾਰਡ ਫ਼ਾਰ ਸਰਵਿਸ ਟੂ ਹਿਊਮੈਂਟੀ ਵੀ ਕੁਲ 28 ਮਹਾਨ ਸ਼ਖ਼ਸੀਅਤਾਂ ਨੂੰ ਦਿਤਾ ਜਾ ਚੁੱਕਾ ਹੈ |