
ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੌਕੇ 'ਤੇ ਬੀਐੱਸਐੱਫ ਦੀ ਟੀਮ ਵੀ ਬੁਲਾਈ ਗਈ
ਫਿਰੋਜ਼ਪੁਰ : ਸਰਹੱਦੀ ਪਿੰਡ ਜੱਲੋ ਕੇ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਜਲੰਧਰ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਕੋਲੋਂ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ। ਇਹ ਪੁਲਿਸ ਮੁਲਾਜ਼ਮ ਰਾਤ ਵੇਲੇ ਕਾਰ 'ਚ ਲੁਕੋ ਕੇ 2 ਕਿਲੋ ਚਿੱਟਾ ਲਿਜਾ ਰਹੇ ਸਨ। ਪਿੰਡ-ਵਾਸੀਆਂ ਵੱਲੋਂ ਇਨ੍ਹਾਂ ਦੋਵਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈਆਂ। ਇਨ੍ਹਾਂ ਦੀ ਵਰਦੀ ਤੋਂ ਇਕ ਸਬ ਇੰਸਪੈਕਟਰ ਤੇ ਇਕ ਹਵਲਦਾਰ ਲੱਗ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੌਕੇ 'ਤੇ ਬੀਐੱਸਐੱਫ ਦੀ ਟੀਮ ਵੀ ਬੁਲਾਈ ਗਈ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪੁਲਿਸ ਮੁਲਾਜ਼ਮ ਇਹ ਖੇਪ ਕਿੱਥੇ ਲੈ ਕੇ ਜਾ ਰਹੇ ਸਨ।
ਏਜੰਸੀਆਂ ਦੇ ਸੂਤਰਾਂ ਮੁਤਾਬਕ ਇਹ ਲੋਕ ਹੈਰੋਇਨ ਦੀ ਵੀ ਡਿਲੀਵਰੀ ਲੈਣ ਆਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਕਿਸੇ ਅਧਿਕਾਰਤ ਮਿਸ਼ਨ 'ਤੇ ਹੁੰਦੇ ਤਾਂ ਹੈਰੋਇਨ ਦੇ ਪੈਕੇਟ ਕਾਰ ਦੇ ਬੋਨਟ 'ਚ ਲਕੋ ਕੇ ਨਹੀਂ ਲਿਜਾਂਦੇ। ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਹੋ ਗਈ ਹੈ।
ਜਲੰਧਰ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦਿੱਤੀ ਪ੍ਰਤੀਕਿਰਿਆ
ਓਧਰ ਇਸ ਮਾਮਲੇ ਸਬੰਧੀ ਜਲੰਧਰ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਨਸ਼ਿਆਂ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ, ਉਦੋਂ ਤੋਂ ਕਰੀਬ ਇੱਕ ਮਹੀਨੇ ਤੋਂ ਨਸ਼ਿਆ ਖ਼ਿਲਾਫ਼ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਸਰਚ ਆਪਰੇਸ਼ਨ ਦੌਰਾਨ ਇਕ ਗਰੁੱਪ ਫੜਿਆ ਗਿਆ ਸੀ
ਜੋ ਕਿ ਪਾਕਿਸਤਾਨ ਤੋਂ ਜਲ ਮਾਰਗ ਰਾਹੀਂ 50 ਕਿਲੋ ਹੈਰੋਇਨ ਲੈ ਕੇ ਆ ਰਿਹਾ ਸੀ, ਜਿਸ ਵਿਚੋਂ 14 ਕਿਲੋ ਹੈਰੋਇਨ ਅੰਮ੍ਰਿਤਸਰ ਤੋਂ ਬਰਾਮਦ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਜਲੰਧਰ ਦਿਹਾਤੀ ਦੀ ਪੁਲਿਸ ਨੇ ਜੋਗਾ ਸਿੰਘ ਕੋਲੋਂ 8 ਕਿਲੋ ਹੈਰੋਇਨ ਬਰਾਮਦ ਕਰਕੇ ਇਸ ਪੂਰੇ ਮਾਮਲੇ ਦੇ ਮਾਸਟਰ ਮਾਈਂਡ ਮਲਕੀਤ ਕਾਲੀ ਨੂੰ ਗ੍ਰਿਫ਼ਤਾਰ ਕਰਕੇ 9 ਕਿਲੋ ਹੈਰੋਇਨ ਫੜੀ ਸੀ।
ਇਸ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਕਰਨ 'ਤੇ ਨਿਸ਼ਾਨਦੇਹੀ 'ਤੇ 12 ਕਿਲੋ ਹੋਰ ਹੈਰੋਇਨ ਬਰਾਮਦ ਹੋਈ ਸੀ। ਐੱਸਐੱਸਪੀ ਨੇ ਕਿਹਾ ਕਿ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿੰਡ ਵਿਚ 2 ਕਿਲੋ ਹੈਰੋਇਨ ਹੋਰ ਲਕੋ ਕੇ ਰੱਖੀ ਹੋਈ ਹੈ ਤਾਂ ਸ਼ਾਮ ਦੇ ਸਮੇਂ ਜਦੋਂ ਪੁਲਿਸ ਪਾਰਟੀ ਉੱਥੇ ਗਈ ਤਾਂ ਇਸ ਗੈਂਗ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੀ ਸਾਰੀ ਦੀ ਸਾਰੀ ਹੈਰੋਇਨ ਬਰਾਮਦ ਕਰ ਲਈ ਗਈ ਹੈ ਤੇ ਹੁਣ ਉਹਨਾਂ ਕੋਲ ਵੇਚਣ ਲਈ ਹੈਰੋਇਨ ਨਹੀਂ ਰਹੀ।
ਜਦੋਂ ਲੋਕ ਉਹਨਾਂ ਦੇ ਪਿੱਛੇ ਲੱਗ ਗਏ ਤਾਂ ਪੁਲਿਸ ਪਾਰਟੀ ਨੇ ਅੱਗੇ ਜਾ ਕੇ ਹੈਰੋਇਨ ਨੂੰ ਬੋਨਟ ਵਿਚ ਲੁਕਾ ਲਿਆ ਸੀ ਤਾਂ ਜੋ ਹੈਰੋਇਨ ਇੱਧਰ ਓਧਰ ਨਾ ਹੋ ਸਕੇ।
ਅੱਗੇ ਜਾ ਕੇ ਜਦੋਂ ਪੁਲਿਸ ਪਾਰਟੀ ਨੇ ਦੇਖਿਆ ਕਿ ਬੀਐੱਸਐੱਫ ਦਾ ਨਾਕਾ ਲੱਗਿਆ ਹੋਇਆ ਹੈ ਤਾਂ ਉੱਥੇ ਜਾ ਕੇ ਬੀਐੱਸਐੱਫ ਨੇ ਇਹ ਹੈਰੋਇਨ ਗੱਡੀ ਦੇ ਬੋਨਟ ਵਿਚੋਂ ਕੱਢੀ ਤੇ ਉਸੇ ਸਮੇਂ ਹੀ ਫਾਜ਼ਿਲਕਾ ਦੀ ਐੱਸਐੱਸਓਸੀ ਟੀਮ ਵੀ ਪਹੁੰਚ ਗਈ ਤੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਕਿ ਇਹ ਸਾਰਾ ਆਪਰੇਸ਼ਨ ਪੁਰਾਣਾ ਚੱਲਿਆ ਆ ਰਿਹਾ ਸੀ ਤੇ ਉਸ ਦੇ ਤਹਿਤ ਹੀ ਇਹ ਰਿਕਵਰੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਕੁੱਝ ਸ਼ਰਾਰਤੀ ਅਨਸਰਾਂ ਨੇ ਜੋ ਪੁਲਿਸ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹਨਾਂ ਦੀ ਨਸ਼ੇ ਦੀ ਤਸਕਰੀ ਜਾਰੀ ਰਹੀ ਇਹ ਸਿਰਫ਼ ਉਸ ਦਾ ਹਿੱਸਾ ਸੀ।