
ਮਨਪ੍ਰੀਤ ਸਿੰਘ ਬਾਦਲ ਅਤੇ ਮੁਲਾਜ਼ਮ ਨੇਤਾਵਾਂ ਦਰਮਿਆਨ ਮਹਿੰਗਾਈ ਭੱਤੇ ਨੂੰ ਲੈ ਕੇ ਮੀਟਿੰਗ ਕਿਸੇ ਤਣ ਪੱਤਣ ਨਾ ਲੱਗੀ
ਚੰਡੀਗੜ੍ਹ (ਕੰਵਲਜੀਤ ਸਿੰਘ ਬਨਵੈਤ): ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮਾਂ ਨੂੰ ਛੇਵਾ ਤਨਖ਼ਾਹ ਕਮਿਸ਼ਨ ਅਗਲੇ ਸਾਲ ਦੋ ਤੋਹਫ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 31 ਦਸੰਬਰ ਤੋਂ ਲਾਗੂ ਮੰਨੀਆਂ ਜਾਣਗੀਆਂ। ਉਂਜ ਮਹਿੰਗਾਈ ਭੱਤੇ ਦੀਆਂ ਪੈਂਡਿੰਗ ਤਿੰਨ ਕਿਸ਼ਤਾਂ ਰਿਲੀਜ਼ ਕਰਨ ਲਈ ਹੋਈ ਮੀਟਿੰਗ ਕਿਸੇ ਤਣ ਪੱਤਣ ਨਹੀਂ ਲੱਗੀ। ਮੁਲਾਜ਼ਮਾਂ ਨੇ ਸਰਕਾਰ 'ਤੇ ਦਬਾਅ ਬਣਾਉਣ ਲਈ ਰਣਨੀਤੀ ਤੈਅ ਕਰਨ ਵਾਸਤੇ ਅਗਲੀ ਮੀਟਿੰਗ ਸੱਦ ਲਈ ਹੈ।
Manpreet Badal
ਵਿੱਤ ਮੰਤਰੀ ਸ. ਬਾਦਲ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਨੇਤਾਵਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਦਾ ਏਜੰਡਾ ਛੇਵਾਂ ਤਨਖ਼ਾਹ ਕਮਿਸ਼ਨ ਅਤੇ ਮਹਿੰਗਾਈ ਭੱਤੇ ਦੀ ਕਿਸ਼ਤਾ ਬਾਰੇ ਰਖਿਆ ਗਿਆ ਸੀ। ਮੀਟਿੰਗ ਵਿਚ ਸਕੱਤਰ ਖ਼ਰਚਾ ਵੀ ਮੌਜੂਦ ਸੀ। ਪਤਾ ਲੱਗਾ ਹੈ ਕਿ ਵਿੱਤ ਮੰਤਰੀ ਨੇ ਮੁਲਾਜ਼ਮਾਂ ਦੇ ਵਫ਼ਦ ਨੂੰ ਭਰੋਸਾ ਦਿਤਾ ਹੈ ਕਿ ਸਰਕਾਰ ਨੇ ਅਗਲੇ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 31 ਦਸੰਬਰ ਤੋਂ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ ਪਰ ਹਾਲ ਦੀ ਘੜੀ ਵਿੱਤੀ ਹਾਲਾਤ ਨੂੰ ਦੇਖਦਿਆਂ ਡੀ.ਏ. ਦੀਆਂ ਲਮਕਦੀਆਂ ਦੋ ਕਿਸ਼ਤਾਂ ਦੇਣੀਆਂ ਆਸਾਨ ਨਹੀਂ।
Dearness allowance
ਉਨ੍ਹਾਂ ਨੇ ਦਾਅਵਾ ਕੀਤਾ ਕਿ ਪੇਅ ਕਮਿਸ਼ਨ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਨਾਲ ਸਬੰਧਤ ਸਾਰੀਆਂ ਮੰਗਾਂ ਅਪਣੇ ਆਪ ਹੱਲ ਹੋ ਜਾਣਗੀਆਂ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਗ੍ਰਾਂਟ ਮਿਲਣ ਦੀ ਸੰਭਾਵਨਾ ਬਣ ਰਹੀ ਹੈ ਅਤੇ ਪੈਸਾ ਮਿਲਣ 'ਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਪਹਿਲਾਂ ਦੇ ਦਿਤੀਆਂ ਜਾਣਗੀਆਂ। ਮੁਲਾਜ਼ਮ ਨੇਤਾਵਾਂ ਨੇ ਵਿੱਤ ਮੰਤਰੀ ਵਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੀ ਤੁਰਤ ਅਦਾਇਗੀ ਨਾ ਕਰਨ ਲਈ ਦਿਤੀ ਦਲੀਲ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਸੰਘਰਸ਼ ਨੂੰ ਤੇਜ਼ ਕਰਨ ਦੀ ਧਮਕੀ ਦੇ ਦਿਤੀ ਹੈ।
ਮੁਲਾਜ਼ਮਾਂ ਵਲੋਂ ਅੱਜ ਹਲਕਾ ਮੁਕੇਰੀਆਂ ਵਿਚ ਸਰਕਾਰ ਵਿਰੋਧੀ ਰੈਲੀ ਕੀਤੀ ਗਈ। ਅਗਲੀ ਰੈਲੀ ਦਾਖਾ ਵਿਚ 16 ਨੂੰ ਕੀਤੀ ਜਾਵੇਗੀ। ਮੁਲਾਜ਼ਮਾਂ ਨੇ ਨਾਲ ਹੀ ਘੋਲ ਨੂੰ ਤਿੱਖਾ ਕਰਨ ਲਈ ਕਲਮ ਛੋੜ ਹੜਤਾਲ ਮੁੜ ਸ਼ੁਰੂ ਕਰਨ ਦੀ ਧਮਕੀ ਵੀ ਦੇ ਦਿਤੀ। ਪੰਜਾਬ ਦੇ ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਲਮਕਦੀਆਂ ਆ ਰਹੀਆਂ ਹਨ।
Captain amrinder Singh
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ 3 ਫ਼ੀ ਸਦੀ ਡੀ.ਏ. ਦੇਣ ਦਾ ਐਲਾਨ ਕੀਤਾ ਸੀ ਜਿਸ ਨੂੰ ਮੁਲਾਜ਼ਮਾਂ ਨੇ ਰੱਦ ਕਰ ਦਿਤਾ ਸੀ। ਅੱਜ ਦੀ ਮੀਟਿੰਗ ਵਿਚ ਮੁਲਾਜ਼ਮ ਨੇਤਾ ਸੁਖਚੈਨ ਸਿੰਘ ਖਹਿਰਾ, ਗੁਰਮੇਲ ਸਿੰਘ ਸਿੱਧੂ, ਕਰਮ ਸਿੰਘ ਧਨੋਆ, ਖੁਸ਼ਵਿੰਦਰ ਕਪਿਲਾ ਸਮੇਤ ਹੋਰ ਵੀ ਕਈ ਨੇਤਾ ਮੌਜੂਦ ਸਨ। ਖਹਿਰਾ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਨੇ ਡੀ.ਏ. ਦੀਆਂ ਲਮਕਦੀਆਂ ਕਿਸ਼ਤਾਂ ਦੇਣ ਤੋਂ ਇਕ ਤਰ੍ਹਾਂ ਨਾਲ ਹੱਥ ਖੜੇ ਕਰ ਦਿਤੇ ਹਨ।