
ਕੇਂਦਰੀ ਕੈਬਨਿਟ ਨੇ ਮੰਗਲਵਾਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ 3 ਫ਼ੀ ਸਦੀ ਵਾਧਾ ਕਰਨ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿਤੀ........
ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਮੰਗਲਵਾਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ 3 ਫ਼ੀ ਸਦੀ ਵਾਧਾ ਕਰਨ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿਤੀ। ਵਧਿਆ ਭੱਤਾ 1 ਜਨਵਰੀ 2019 ਤੋਂ ਲਾਗੂ ਹੋ ਜਾਏਗਾ। ਇਸ ਨਾਲ ਕੇਂਦਰ ਸਰਕਾਰ ਦੇ 1.1 ਕਰੋੜ ਮੁਲਾਜ਼ਮਾਂ ਅਤੇ ਪੈਨਸ਼ਨਭੋਗੀਆਂ ਨੂੰ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਇਸ ਵਾਧੇ ਤੋਂ ਬਾਅਦ ਮਹਿੰਗਾਈ ਭੱਤਾ 12 ਫ਼ੀ ਸਦੀ ਹੋ ਜਾਵੇਗਾ।
ਮੰਤਰੀ ਮੰਡਲ ਦੀ ਬੈਠਕ ਮਗਰੋਂ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੈਬਨਿਟ ਨੇ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 3 ਫ਼ੀ ਸਦੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਮੇਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 9 ਫ਼ੀ ਸਦੀ ਹੈ। ਭੱਤੇ ਵਿਚ ਵਾਧੇ ਨਾਲ ਕੇਂਦਰ ਸਰਕਾਰ ਦੇ 48.41 ਲੱਖ ਮੁਲਾਜ਼ਮਾਂ ਅਤੇ 62.03 ਲੱਖ ਪੈਨਸ਼ਨਭੋਗੀਆਂ ਨੂੰ ਫ਼ਾਇਦਾ ਹੋਵੇਗਾ। ਮਹਿੰਗਾਈ ਭੱਤੇ ਵਿਚ ਇਹ ਵਾਧਾ 7ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੈ। ਭੱਤੇ ਵਿਚ ਮਨਜ਼ੂਰ ਫ਼ਾਰਮੂਲੇ ਤਹਿਤ ਵਾਧਾ ਹੋਇਆ ਹੈ। (ਪੀ.ਟੀ.ਆਈ)