
ਵਾਤਾਵਰਣ ਬਚਾਉਣਾ ਪੰਜਾਬੀਆਂ ਦੀ ਰਵਾਇਤ ਰਹੀ ਹੈ- ਰਾਣਾ ਸੋਢੀ
ਚੰਡੀਗੜ੍ਹ: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਦਾ ਵਾਤਾਵਰਣ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਇਹ ਰੁਝਾਨ ਸੜਕੀ ਹਾਦਸਿਆਂ ਦਾ ਕਾਰਨ ਬਣਦਾ ਹੈ।
Rana Sodhi appeals farmers to avoid stubble burning
ਜਾਰੀ ਬਿਆਨ ਵਿਚ ਰਾਣਾ ਸੋਢੀ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਪਰਾਲੀ ਸਾੜਨ ਨਾਲ ਮਿੱਟੀ ਵਿਚ ਮੌਜੂਦ ਮਿੱਤਰ ਕੀੜੇ ਅਤੇ ਮੱਲੜ੍ਹ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਨਾ ਸਿਰਫ਼ ਵਾਤਾਵਰਣ 'ਤੇ ਮਾੜਾ ਅਸਰ ਪੈਂਦਾ ਹੈ, ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਇਸ ਤੋਂ ਇਲਾਵਾ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਿਹਾ ਹੈ ਕਿਉਂਕਿ ਧੂੰਏਂ ਕਾਰਨ ਵਾਹਨ ਚਾਲਕਾਂ ਨੂੰ ਸਾਫ਼ ਨਜ਼ਰ ਨਹੀਂ ਆਉਂਦਾ।
Stubble burning
ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਪਰਾਲੀ ਸਾੜਨ ਦੇ ਰੁਝਾਨ ਨਾਲ ਨਜਿੱਠਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਤ ਹੋਈ ਹਵਾ ਕੋਰੋਨਾ ਮਹਾਂਮਾਰੀ ਦੌਰਾਨ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਵਧੇਰੇ ਜ਼ੋਖ਼ਮ ਪੈਦਾ ਕਰ ਰਹੀ ਹੈ।
Stubble Burning
ਕੰਬਾਈਨ ਚਾਲਕਾਂ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਅਤਿ-ਆਧੁਨਿਕ ਤਰੀਕੇ ਅਪਨਾਉਣ ਦੀ ਅਪੀਲ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਕੰਬਾਈਨ ਨਾਲ ਜੁੜਿਆ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ.ਐਮ.ਐਸ.) ਪਰਾਲੀ ਨੂੰ ਬਾਰੀਕ ਟੁਕੜਿਆਂ ਵਿਚ ਕੱਟ ਦਿੰਦਾ ਹੈ ਜਿਸ ਨਾਲ ਬੀਜਾਈ ਵਾਲੀਆਂ ਮਸ਼ੀਨਾਂ ਲਈ ਖੇਤਾਂ ਵਿਚ ਕੰਮ ਕਰਨਾ ਸੌਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਸੁਪਰ ਐਸ.ਐਮ.ਐਸ. ਤਕਨਾਲੌਜੀ ਹੀ ਇੱਕੋ-ਇੱਕ ਕਾਰਗਰ ਤਰੀਕਾ ਹੈ ਕਿਉਂਕਿ ਇਸ ਨਾਲ ਕੀਤਾ ਗਿਆ ਪਰਾਲੀ ਦਾ ਬਾਰੀਕ ਟੋਕਾ ਖੇਤ ਵਿਚ ਆਸਾਨੀ ਨਾਲ ਰਲ ਜਾਂਦਾ ਹੈ ਅਤੇ ਹੋਰ ਫ਼ਸਲਾਂ ਦੀ ਸਿੱਧੀ ਬਿਜਾਈ ਸੌਖਿਆਂ ਹੀ ਕੀਤੀ ਜਾ ਸਕਦੀ ਹੈ।
Stubble Burning
ਰਾਣਾ ਸੋਢੀ ਨੇ ਕਿਹਾ ਕਿ ਕਿਸਾਨਾਂ ਵਿਚ ਨਵੀਆਂ ਤਕਨੀਕਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਨਾਲ-ਨਾਲ ਫ਼ਸਲੀ ਰਹਿੰਦ-ਖੂੰਹਦ ਦੇ ਖੇਤਾਂ ਵਿਚ ਅਤੇ ਖੇਤਾਂ ਤੋਂ ਬਾਹਰ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਨੂੰ ਜੈਵਿਕ ਖਾਦ ਵਿਚ ਬਦਲਿਆ ਜਾ ਸਕੇ। ਮੰਤਰੀ ਨੇ ਅੱਗੇ ਕਿਹਾ ਕਿ ਵਾਤਾਵਰਣ ਬਚਾਉਣਾ ਪੰਜਾਬੀਆਂ ਦੀ ਰਵਾਇਤ ਰਹੀ ਹੈ ਅਤੇ ਜੇ ਕੁਦਰਤ ਨੂੰ ਹੱਦੋਂ ਵੱਧ ਪਲੀਤ ਕੀਤਾ ਗਿਆ ਤਾਂ ਅਸੀਂ ਖ਼ੁਦ ਵੀ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਵਾਂਗੇ।